Connect with us

Punjab

ਡੋਲੀ ਤੁਰਨ ਵੇਲੇ ਲਾੜੀ ਨਾਲ ਵਾਪਰੀ ਅਜਿਹੀ ਅਣਹੋਣੀ, ਦੇਖ ਸਭ ਰਹਿ ਗਏ ਹੱਕੇ-ਬੱਕੇ

Published

on

ਵਿਆਹ ਵਾਲੇ ਘਰ ਵਿੱਚ ਉਸ ਸਮੇਂ ਖੁਸ਼ੀਆਂ ਵਾਲਾ ਮਾਹੌਲ ਗਮ ਵਿੱਚ ਬਦਲ ਗਿਆ ਜਦੋਂ ਇੱਥੇ ਬੇਹੱਦ ਮੰਦਭਾਗੀ ਘਟਨਾ ਵਾਪਰ ਗਈ। ਇਹ ਖ਼ਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ,ਜਿੱਥੋਂ ਦੇ ਪਿੰਡ ਖਾਈ ਫੇਮੇ ਕੀ ਵਿਖੇ ਪੈਲੇਸ ਵਿੱਚ ਵਿਆਹ ਹੋਣ ਦੇ ਬਾਅਦ ਜਦੋਂ ਲੜਕੀ ਦੀ ਵਿਦਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕਿ ਲਾੜੀ ਦੇ ਮੱਥੇ ਵਿੱਚ ਲੱਗੀ। ਲਾੜੀ ਨੂੰ ਗੰਭੀਰ ਹਾਲਤ ’ਚ ਫਿਰੋਜ਼ਪੁਰ ਸ਼ਹਿਰ ਦੇ ਅਨਿਲ ਬਾਗੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ (25) ਪੁੱਤਰੀ ਬਾਜ ਸਿੰਘ ਵਾਸੀ ਪਿੰਡ ਹਸਣ ਢੁੱਟ ਦਾ ਅੱਜ ਵਿਆਹ ਸੀ ਅਤੇ ਜਦੋਂ ਪੈਲੇਸ ਵਿਚੋਂ ਲਾੜੀ ਦੀ ਡੋਲੀ ਜਾਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕਿ ਲਾੜੀ ਦੇ ਮੱਥੇ ਵਿੱਚ ਜਾ ਲੱਗੀ। ਉਨ੍ਹਾਂ ਦੱਸਿਆ ਕਿ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਾਰਾਤ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਤੋਂ ਆਈ ਸੀ।

ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਗੋਲੀ ਆਖ਼ਿਰ ਕਿਸ ਨੇ ਚਲਾਈ ਹੈ। ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਲੜਕੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਦੂਜੇ ਪਾਸੇ ਇਸ ਘਟਨਾ ਤੇ ਸੀਐੱਮ ਭਗਵੰਤ ਮਾਨ ਦਾ ਵੀ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਤੇ ਅਫ਼ਸੋਸ ਪ੍ਰਗਟ ਕਰਦਿਆ ਆਪਣੀ ਪੋਸਟ ਵਿੱਚ ਲਿਖਿਆ ਕਿ, ਅੱਜ ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ… ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ… ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ… ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ…ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ‘ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ‘ਚ ਧਾਹਾਂ ਵੱਜਣ ਲੱਗ ਗਈਆਂ…ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ।