Connect with us

Punjab

ਚੰਡੀਗੜ੍ਹ ‘ਚ ਕਾਰੋਬਾਰੀ ਤੋਂ 1 ਕਰੋੜ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ, ਮੁਲਜ਼ਮ SI ਦੀ ਭਾਲ ‘ਚ ਪੁਲਿਸ

Published

on

ਚੰਡੀਗੜ੍ਹ 7 ਅਗਸਤ 2023: ਚੰਡੀਗੜ੍ਹ ‘ਚ ਬਠਿੰਡਾ ਦੇ ਕਾਰੋਬਾਰੀ ਤੋਂ ਇਕ ਕਰੋੜ ਦੀ ਲੁੱਟ ਕਰਨ ਵਾਲਾ ਸਬ-ਇੰਸਪੈਕਟਰ ਨਵੀਨ ਫੋਗਾਟ ਅਜੇ ਤੱਕ ਫਰਾਰ ਹੈ। ਉਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਸਰਵੇਸ਼ ਕੌਸ਼ਲ, ਗਿੱਲ ਅਤੇ ਜਤਿੰਦਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੂੰ ਹਾਲ ਹੀ ਵਿਚ ਬਲਾਤਕਾਰ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਡਿਊਟੀ ‘ਤੇ ਵੀ ਲਗਾ ਦਿੱਤਾ ਗਿਆ। ਹੁਣ ਫਿਰ ਲੁੱਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟੇ ਗਏ ਇੱਕ ਕਰੋੜ ਵਿੱਚੋਂ 75 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।

ਪੀੜਤ ਕਾਰੋਬਾਰੀ ਨੇ ਫੋਟੋ ਤੋਂ ਮੁਲਜ਼ਮ ਦੀ ਪਛਾਣ ਕੀਤੀ
ਪੁਲੀਸ ਸੂਤਰਾਂ ਅਨੁਸਾਰ ਸੈਕਟਰ-39 ਥਾਣੇ ਦੇ ਕਾਂਸਟੇਬਲ ਵਰਿੰਦਰ ਅਤੇ ਸੁਰੱਖਿਆ ਵਿੰਗ ਵਿੱਚ ਤਾਇਨਾਤ ਕਾਂਸਟੇਬਲ ਸ਼ਿਵਾ ਨੂੰ ਲੁੱਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਵ ਅਕਸਰ ਮੁਲਜ਼ਮ ਨਵੀਨ ਫੋਗਾਟ ਨਾਲ ਰਹਿੰਦਾ ਸੀ, ਜਦਕਿ ਵਰਿੰਦਰ ਸੈਕਟਰ-40 ਬੀਟ ਵਿੱਚ ਤਾਇਨਾਤ ਸੀ। ਜਦੋਂ ਬਠਿੰਡਾ ਤੋਂ ਕਾਰੋਬਾਰੀ ਸੈਕਟਰ-39 ਪੁੱਜੇ ਤਾਂ ਬੋਰਡ ’ਤੇ ਲੱਗੀ ਫੋਟੋ ਵਿੱਚ ਵਰਿੰਦਰ ਦੇ ਨਾਲ ਥਾਣੇ ਦੇ ਸਾਬਕਾ ਇੰਚਾਰਜ ਦੀ ਫੋਟੋ ਵੀ ਸੀ। ਇਹ ਦੇਖ ਕੇ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਅਤੇ ਥਾਣਾ ਇੰਚਾਰਜ ਨੂੰ ਦੱਸਿਆ ਕਿ ਇਹ ਉਹੀ ਕਾਂਸਟੇਬਲ ਹੈ ਜਿਸ ਨੇ ਐੱਸਆਈ ਫੋਗਟ ਨਾਲ ਮਿਲ ਕੇ ਉਸ ਨੂੰ ਡਰਾ ਧਮਕਾ ਕੇ ਇਕ ਕਰੋੜ ਰੁਪਏ ਲੁੱਟ ਲਏ।

ਜਾਨੋਂ ਮਾਰਨ ਦੀ ਧਮਕੀ ਦੇ ਕੇ ਲੁੱਟ
ਮੁਲਜ਼ਮ ਐਸਆਈ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲੀਸ ਮੁਲਾਜ਼ਮਾਂ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2000 ਰੁਪਏ ਦੇ ਨੋਟ ਬਦਲਣ ਦੇ ਨਾਂ ’ਤੇ ਇੱਕ ਕਰੋੜ ਰੁਪਏ ਲੁੱਟ ਲਏ। ਪੁਲੀਸ ਮੁਲਾਜ਼ਮ ਸੰਜੇ ਗੋਇਲ ਨੂੰ ਅਗਵਾ ਕਰਕੇ ਕਿਸੇ ਇਕਾਂਤ ਥਾਂ ’ਤੇ ਲੈ ਗਏ ਅਤੇ ਫਿਰ ਉਸ ਨੂੰ ਐਨਕਾਊਂਟਰ ਦਾ ਡਰਾਵਾ ਦੇ ਕੇ ਉਸ ਤੋਂ ਪੈਸੇ ਵਸੂਲ ਕੀਤੇ ਅਤੇ ਉਸ ਨੂੰ ਨਸ਼ੇ ਦੇ ਕੇਸ ਵਿੱਚ ਫਸਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।