Connect with us

Gadgets

ਇੱਕ ਚਿੱਪ ਨੇ ਹਿਲਾ ਦਿੱਤਾ ਅਮਰੀਕਾ; ਟਰੰਪ ਨੂੰ ਕਰਨਾ ਪੈ ਰਿਹਾ ਹੈ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ

Published

on

ਅਮਰੀਕਾ ਨੂੰ ਕੰਪਿਊਟਰ ਦੀ ਇੱਕ ਚਿੱਪ ਨੇ ਹਿਲਾ ਕੇ ਰੱਖ ਦਿੱਤਾ ਹੈ।ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਪਤੀ ਬਣੇ ਹਨ, ਉਨ੍ਹਾਂ ਨੇ ਆਪਣੀਆਂ ਵਸਤਾਂ ਦੇ ਨਿਰਯਾਤ ਉੱਪਰ ਭਾਰੀ ਟੈਰਿਫ ਲਗਾ ਕੇ ਚੀਨ, ਕੈਨੇਡਾ ਅਤੇ ਹੋਰ ਕਈ ਦੇਸ਼ਾਂ ਨਾਲ ਟਕਰਾਓ ਪੈਦਾ ਕਰ ਲਿਆ ਹੈ। ਇਸੇ ਟੈਰਿਫ ਟਕਰਾਓ ਦੇ ਚਲਦਿਆਂ ਅਮਰੀਕਾ ਨੇ ਕੰਪਿਊਟਰ ਦੀ ਚਿੱਪ ਦੇ ਚੀਨ ਨੂੰ ਨਿਰਯਾਤ ਉੱਪਰ ਰੋਕ ਦਿੱਤੀ ਸੀ।ਇਸ ਕਾਰਨ ਅਮਰੀਕੀ ਕੰਪਨੀਆਂ ਦੇ ਸ਼ੇਅਰ 8% ਤੱਕ ਨੀਚੇ ਗਿਰ ਗਏ ਹਨ। ਚੀਨ ਨੂੰ ਕੰਪਿਊਟਰ ਚਿੱਪ ਵੇਚਣ ‘ਤੇ ਰੋਕ ਲਗਾਉਣ ਵਿਰੁੱਧ ਸੈਮੀਕੰਡਕਟਰ ਕੰਪਨੀਆਂ ਨੇ ਅਮਰੀਕੀ ਸਰਕਾਰ ਨਾਲ ਕਈ ਵਾਰ ਚਰਚਾ ਵੀ ਕੀਤੀ ਹੈ। ਟਰੰਪ ਸਰਕਾਰ ਨੇ ਪਿਛਲੇ ਹਫਤੇ ਆਪਣੀ ਏ ਆਈ ਚਿੱਪ ਚੀਨ ਨੂੰ ਨਿਰਯਾਤ ਕਰਨ ਉੱਪਰ ਪਾਬੰਧੀ ਲਗਾਈ ਸੀ। ਚੀਨ ਵੱਲੋਂ ਇਹ ਚਿੱਪ ਵੱਡੀ ਗਿਣਤੀ ਵਿੱਚ ਖਰੀਦੀ ਜਾਂਦੀ ਸੀ ਅਤੇ ਚੀਨ ਇਸ ਚਿੱਪ ਦਾ ਦੁਨੀਆਂ ਦਾ ਸਭ ਤੋਂ ਵੱਡਾ ਖ੍ਰੀਦਦਾਰ ਸੀ।ਹੁਣ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਭਵਿੱਖ ਦੀ ਰਣਨੀਤੀ ‘ਤੇ ਗੌਰ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਲੱਗਦਾ ਹੈ ਕਿ ਅਮਰੀਕਾ ਚਿੱਪ ਨਿਰਯਾਤ ਉੱਪਰ ਰੋਕ ਨਾਲ ਚੀਨ ਦੀ ਚਿੱਪ ਕੰਪਨੀ ਹੁਆਵੇ ਦੁਨੀਆਂ ਦੀ ਸਭ ਤੋਂ ਵੱਡੀ ਚਿੱਪ ਨਿਰਮਾਤਾ ਬਣ ਜਾਵੇਗੀ।

ਅਮਰੀਕਾ ਦੇ ਇਸ ਫੈਸਲੇ ਨਾਲ ਅਮਰੀਕੀ ਕੰਪਨੀਆਂ ਆਰਥਿਕ ਸੰਕਟ ਵਿੱਚ ਫਸਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕਾ ਦੀ ਚਿੱਪ ਬਣਾਉਣ ਵਾਲੀ ਕੰਪਨੀ ਐਨ ਵਿਡਿਆ ਦੇ ਸ਼ੇਅਰ 8.4ਪ੍ਰਤੀਸ਼ਤ ਗਿਰੇ ਹਨ। ਇਸੇ ਤਰ੍ਹਾਂ ਏ ਐਮ ਡੀ ਕੰਪਨੀ ਦੇ ਸ਼ੇਅਰ 7.4 ਪ੍ਰਤੀਸ਼ਤ ਅਤੇ ਇੰਟੇਲ ਕੰਪਨੀ ਦੇ ਸ਼ੇਅਰ 6.8 ਪ੍ਰਤੀਸ਼ਤ ਹੇਠਾਂ ਗਿਰੇ ਹਨ। ਸੈਮੀਕੰਡਕਟਰ ਕੰਸਲਟੈਂਟ ਹੈਂਡੇਲ ਜੋਨਸ ਕਹਿੰਦੇ ਹਨ ਕਿ ਅਮਰੀਕੀ ਸੈਮੀਕੰਡਕਟਰ ਕੰਪਨੀਆਂ ਦੀਆਂ ਚੀਨ ਵਿੱਚ ਸੰਭਾਵਨਾਵਾਂ ਖ਼ਤਮ ਹੋ ਚੁੱਕੀਆਂ ਹਨ।

ਕੰਪਿਊਟਰ ਚਿੱਪ ਏ ਆਈ ਦਾ ਮੁੱਖ ਹਿੱਸਾ ਹਨ। ਏ ਆਈ ਸਿਸਟਮ ਵਿੱਚ ਲੱਗਣ ਵਾਲੀ ਚਿੱਪ ਦੇ ਬਾਜ਼ਾਰ ਵਿੱਚ ਐਨਵੀਡੀਆ ਦਾ ਦਬਦਬਾ ਹੈ। ਪਿਛਲੇ ਕੁੱਝ ਸਮੇਂ ਵਿੱਚ ਸ਼ੇਅਰ ਗਿਰਨ ਤੋਂ ਪਹਿਲਾਂ ਇਹ ਕੰਪਨੀ 340 ਲੱਖ ਕਰੋੜ ਰੁਪਏ ਦੀ ਕੰਪਨੀ ਬਣਨ ਵਾਲੀ ਸੀ। ਹੁਣ ਇਸ ਕੰਪਨੀ ਦੀ ਕੀਮਤ 210 ਲੱਖ ਕਰੋੜ ਰੁਪਏ ਤੋਂ ਵੀ ਘਟ ਗਈ ਹੈ। ਵਾਦਵਾਨੀ ਏ ਆਈ ਸੈਂਟਰ ਦੇ ਡਾਇਰੈਕਟਰ ਗ੍ਰੇਸੀ ਐਲੇਨ ਦਾ ਕਹਿਣਾ ਹੈ ਕਿ ਐੱਨਵੀਡੀਆ ਦੀ ਪੁਰਾਣੀ ਪੀੜ੍ਹੀ ਦੀ ਚਿੱਪ ਹੁਆਵੇ ਦੀ ਸਭ ਤੋਂ ਵਧੀਆ ਚਿੱਪ ਤੋਂ 40 ਫ਼ੀਸਦੀ ਵਧੀਆ ਹੈ। ਇਸ ਤਰ੍ਹਾਂ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਕੰਪਿਊਟਰ ਚਿੱਪ ਦੇ ਚੀਨ ਨੂੰ ਨਿਰਯਾਤ ‘ਤੇ ਰੋਕ ਲੱਗਣ ਪਿੱਛੋਂ ਕਾਫ਼ੀ ਚਿੰਤਤ ਹਨ।ਚੀਨ ਵੀ ਅਮਰੀਕੀ ਚਿੱਪ ਖ੍ਰੀਦਣ ਦੀ ਬਜਾਇ ਆਪਣੀ ਚਿੱਪ ਨੂੰ ਵੱਡੇ ਪੱਧਰ ‘ਤੇ ਬਣਾਉਣ ਨੂੰ ਤਰਜ਼ੀਹ ਦੇ ਰਿਹਾ ਹੈ।
ਡੋਨਾਲਡ ਟਰੰਪ ਦੇ ਫੈਸਲਿਆਂ ਤੋਂ ਜਿੱਥੇ ਅਮਰੀਕੀ ਵਪਾਰਕ ਖ਼ੇਤਰ ਦੇ ਲੋਕ ਖ਼ਫ਼ਾ ਹਨ ਉੱਥੇ ਹੀ ਸਿੱਖਿਆ ਖ਼ੇਤਰ ਵਿੱਚ ਵੀ ਖਲਬਲੀ ਮੱਚ ਚੁੱਕੀ ਹੈ। ਹਾਰਵਰਡ ਯੂਨੀਵਰਸਿਟੀ ਤਾਂ ਖੁਲ੍ਹ ਕੇ ਟਰੰਪ ਦੇ ਖ਼ਿਲਾਫ਼ ਖੜ੍ਹੀ ਹੋ ਗਈ ਅਤੇ ਹੋਰ ਕਈ ਯੂਨੀਵਰਸਿਟੀਆਂ ਹਾਰਵਰਡ ਯੂਨੀਵਰਸਿਟੀ ਦੇ ਹੱਕ ਵਿੱਚ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਹਾਰਵਰਡ ਯੂਨੀਵਰਸਿਟੀ ਦੇ ਪ੍ਰਧਾਨ ਐਲੇਨ ਗਰਬਰ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਅਕਾਦਮਿਕ ਆਜ਼ਾਦੀ ਵਿੱਚ ਸਰਕਾਰ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਰੰਪ ਸਰਕਾਰ ਨੇ 160 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 1024 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਟਰੰਪ ਸਰਕਾਰ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ।

ਇਸ ਸਮੇਂ ਅਮਰੀਕਾ ਦੇ ਉੱਪ ਰਾਸ਼ਟਪਤੀ ਜੇ ਡੀ ਵੇਂਸ ਆਪਣੇ ਪਰਿਵਾਰ ਨਾਲ ਭਾਰਤੀ ਦੌਰੇ ‘ਤੇ ਹਨ ਅਤੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿੱਚ ਟੈਰਿਫ ਸਮੇਤ ਸਾਰੇ ਵਪਾਰਕ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਹੈ। ਟਰੰਪ ਸਰਕਾਰ ਦੇ ਫੈਸਲਿਆਂ ਦਾ ਜਿੱਥੇ ਵਿਦੇਸ਼ਾਂ ਵਿੱਚ ਵਿਰੋਧ ਹੋ ਰਿਹਾ ਹੈ ਉੱਥੇ ਅਮਰੀਕਾ ਅੰਦਰ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਦੇ ਮੱਦੇਨਜ਼ਰ ਟਰੰਪ ਸਰਕਾਰ ਨੂੰ ਆਪਣੇ ਫੈਸਲਿਆਂ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ