National
ਹਿਮਾਚਲ ‘ਚ ਫਟਿਆ ਬੱਦਲ, ਕਈ ਲੋਕ ਲਾਪਤਾ

HIMACHAL PRADESH : ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬੀਤੀ ਰਾਤ ਰਾਜ ਭਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ ।
ਜਾਣਕਾਰੀ ਮੁਤਾਬਕ ਸ਼ਿਮਲਾ ਤੋਂ 100 ਕਿਲੋਮੀਟਰ ਦੂਰ ਰਾਮਪੁਰ ਦੇ ਝਕੜੀ ‘ਚ ਬੱਦਲ ਫਟ ਗਿਆ ਹੈ। ਬੱਦਲ ਫਟਣ ਤੋਂ ਬਾਅਦ ਰਾਮਪੁਰ ਦੇ ਝਕੜੀ ‘ਚ ਸਮੇਜ ਖੱਡ ‘ਚ ਹੜ੍ਹ ਆ ਗਿਆ ਜਿਸ ਕਾਰਨ ਕਈ ਲੋਕਾਂ ਦੇ ਘਰ ਉਜੜ ਗਏ ਹਨ | ਇਹ ਘਟਨਾ ਵੀਰਵਾਰ ਯਾਨੀ 1 ਅਗਸਤ ਨੂੰ ਵਾਪਰੀ ਹੈ।
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਸ਼ਿਮਲਾ ਦੇ ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ ਹਨ । ਰਾਮਪੁਰ ਦੇ ਸਮੇਜ ਖੱਡ ਵਿੱਚ ਬੱਦਲ ਫਟਣ ਕਾਰਨ ਸਮੇਜ ਪਿੰਡ ਦੇ ਕਈ ਘਰ ਵਹਿ ਗਏ ਹਨ । ਜਿਸ ਕਾਰਨ 32 ਲੋਕ ਲਾਪਤਾ ਹੋ ਗਏ ਹਨ। ਇੱਥੇ ਇੱਕ ਸਕੂਲ, ਇੱਕ ਗੈਸਟ ਹਾਊਸ ਅਤੇ ਇੱਕ ਪਾਵਰ ਪ੍ਰੋਜੈਕਟ ਦਾ ਪਾਵਰ ਹਾਊਸ ਵੀ ਰੁੜ੍ਹ ਗਿਆ ਹੈ।
ਮੰਡੀ ਦੇ ਚੌਰਘਾਟੀ ਵਿੱਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। 3 ਪਰਿਵਾਰਾਂ ਦੇ 10 ਲੋਕ ਲਾਪਤਾ ਹਨ। ਇਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ 9 ਅਜੇ ਵੀ ਲਾਪਤਾ ਹਨ। ਚੌਹਰਘਾਟੀ ‘ਚ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਬਚਾਅ ਟੀਮਾਂ ਨਾਲ ਮੌਕੇ ‘ਤੇ ਪਹੁੰਚ ਗਿਆ।
ਮੰਡੀ ਦੇ ਡੀਸੀ ਅਪੂਰਵਾ ਦੇਵਗਨ ਨੇ ਕਾਰਸੋਗ ਅਤੇ ਪਧਰ ਸਬ-ਡਿਵੀਜ਼ਨਾਂ ਵਿੱਚ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਕੇਂਦਰਾਂ, ਕਿੱਤਾਮੁਖੀ ਸਿਖਲਾਈ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ।