National
ਰਾਜਸਥਾਨ ‘ਚ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ , 12 ਦੀ ਮੌਤ
ਰਾਜਸਥਾਨ 13ਸਤੰਬਰ 2023: ਰਾਜਸਥਾਨ ਦੇ ਭਰਤਪੁਰ ‘ਚ ਬੁੱਧਵਾਰ ਸਵੇਰੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ, ਜਿਸ ‘ਚ 12 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਿਸ ਅਤੇ ਪ੍ਰਸ਼ਾਸਨ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬੱਸ ਵਿੱਚ 57 ਤੋਂ ਵੱਧ ਲੋਕ ਸਵਾਰ ਸਨ।
ਇਹ ਹਾਦਸਾ ਲਖਨਪੁਰ ਥਾਣਾ ਖੇਤਰ ਦੇ ਆਗਰਾ-ਜੈਪੁਰ ਰਾਸ਼ਟਰੀ ਰਾਜਮਾਰਗ-21 ‘ਤੇ ਹੰਤਾਰਾ ਨੇੜੇ ਸਵੇਰੇ 5:30 ਵਜੇ ਵਾਪਰਿਆ। ਮਰਨ ਵਾਲਿਆਂ ਵਿੱਚ 7 ਔਰਤਾਂ ਅਤੇ 5 ਪੁਰਸ਼ ਸਨ। ਸਾਰੇ ਮ੍ਰਿਤਕ ਗੁਜਰਾਤ ਦੇ ਭਾਵਨਗਰ ਦੇ ਰਹਿਣ ਵਾਲੇ ਸਨ।
ਪੁਲਿਸ ਮੁਤਾਬਕ ਬੱਸ ਭਾਵਨਗਰ ਤੋਂ ਮਥੁਰਾ ਦੇ ਰਸਤੇ ਹਰਿਦੁਆਰ ਜਾ ਰਹੀ ਸੀ। ਸਵੇਰੇ ਭਰਤਪੁਰ-ਆਗਰਾ ਹਾਈਵੇਅ ‘ਤੇ ਬੱਸ ਦੀ ਡੀਜ਼ਲ ਪਾਈਪ ਅਚਾਨਕ ਫਟ ਗਈ। ਡਰਾਈਵਰ ਸਮੇਤ ਕਰੀਬ 10-12 ਸਵਾਰੀਆਂ ਬੱਸ ਤੋਂ ਉਤਰ ਗਈਆਂ।
ਡਰਾਈਵਰ ਤੇ ਉਸ ਦੇ ਸਾਥੀ ਪਾਈਪ ਦੀ ਮੁਰੰਮਤ ਕਰਕੇ ਡੀਜ਼ਲ ਲੈਣ ਗਏ ਸਨ। ਉਦੋਂ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਨੇੜੇ ਖੜ੍ਹੇ ਲੋਕਾਂ ਨੂੰ ਕੁਚਲ ਕੇ ਅੱਗੇ ਵਧ ਗਿਆ।
ਇਸ ਦੌਰਾਨ ਉਥੋਂ ਲੰਘ ਰਹੇ ਹੋਰ ਵਾਹਨਾਂ ਦੇ ਚਾਲਕਾਂ ਨੇ ਸੜਕ ‘ਤੇ ਬੇਹੋਸ਼ ਪਏ ਲੋਕਾਂ ਨੂੰ ਦੇਖ ਕੇ ਪੁਲਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਬੁਲਾਈ। ਸਾਰਿਆਂ ਦੀਆਂ ਲਾਸ਼ਾਂ ਨੂੰ ਭਰਤਪੁਰ ਜ਼ਿਲਾ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ।