Punjab
ਪਾਕਿਸਤਾਨ ਤੋਂ ਆਇਆ ਹੈਕਸਾਕਾਪਟਰ ਡਰੋਨ ਮਾਰਿਆ,5 ਕਿਲੋ ਹੈਰੋਇਨ ਕੀਤੀ ਬਰਾਮਦ
ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਕੱਕੜ ਪਿੰਡ ਵਿੱਚ 12 ਰਾਉਂਡ ਫਾਇਰਿੰਗ ਕਰਕੇ ਪਾਕਿਸਤਾਨ ਤੋਂ ਹੈਰੋਇਨ ਲੈ ਕੇ ਜਾ ਰਹੇ ਇੱਕ ਅਤਿ-ਆਧੁਨਿਕ ਹੈਕਸਾਕਾਪਟਰ ਡਰੋਨ ਨੂੰ ਡੇਗ ਦਿੱਤਾ। ਪੰਜ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।
ਮੌਕੇ ਤੋਂ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਥਾਣਾ ਲੋਪੋਕੇ ਦੀ ਪੁਲਿਸ ਨੇ ਅੰਮਿ੍ਤਸਰ ਦਿਹਾਤੀ ਵਿਖੇ ਐਨਡੀਪੀਐਸ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਦੋ ਮਹੀਨਿਆਂ ਵਿੱਚ ਛੇ ਡਰੋਨ ਬਰਾਮਦ ਕੀਤੇ ਗਏ
29 ਨਵੰਬਰ, 2022 – ਤਰਨਤਾਰਨ ਦੇ ਖੇਮਕਰਨ ਵਿਖੇ ਬਾਰਡਰ ਆਊਟ ਪੋਸਟ (ਬੀਓਪੀ) ਹਰਭਜਨ ਦੇ ਅਧਿਕਾਰ ਖੇਤਰ ਵਿੱਚ 6.68 ਕਿਲੋਗ੍ਰਾਮ ਹੈਰੋਇਨ ਦੇ ਛੇ ਪੈਕੇਟ ਲੈ ਕੇ ਜਾ ਰਿਹਾ ਇੱਕ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।
30 ਨਵੰਬਰ 2022 – ਤਰਨਤਾਰਨ ਦੇ ਪਿੰਡ ਖਾਲੜਾ ਦੇ ਵਣ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।
2 ਦਸੰਬਰ 2022 – ਤਰਨਤਾਰਨ ਦੇ ਖੇਮਕਰਨ ਇਲਾਕੇ ਤੋਂ 5.60 ਕਿਲੋਗ੍ਰਾਮ ਹੈਰੋਇਨ ਦੇ ਪੰਜ ਪੈਕੇਟ ਲੈ ਕੇ ਜਾ ਰਿਹਾ ਹੈਕਸਾਕਾਪਟਰ ਡਰੋਨ ਬਰਾਮਦ ਕੀਤਾ ਗਿਆ।
4 ਦਸੰਬਰ, 2022 – ਤਰਨਤਾਰਨ ਦੇ ਬਾਰਡਰ ਆਊਟ ਪੋਸਟ (ਬੀਓਪੀ) ਕਾਲੀਆ ਦੇ ਖੇਤਰ ਵਿੱਚੋਂ 3.06 ਕਿਲੋਗ੍ਰਾਮ ਹੈਰੋਇਨ ਦੇ ਤਿੰਨ ਪੈਕਟਾਂ ਨਾਲ ਭਰਿਆ ਇੱਕ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ।
25 ਦਸੰਬਰ, 2022 – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 10 ਕਿਲੋ ਹੈਰੋਇਨ ਸਮੇਤ 20 ਲੱਖ ਰੁਪਏ ਦੀ ਕੀਮਤ ਦਾ ਡੀਜੇਆਈ ਸੀਰੀਜ਼ ਯੂਐਸਏ ਦਾ ਬਣਿਆ ਹਾਈ-ਟੈਕ ਡਰੋਨ ਬਰਾਮਦ ਕੀਤਾ ਗਿਆ।
22 ਜਨਵਰੀ, 2023 – ਅੰਮ੍ਰਿਤਸਰ ਦਿਹਾਤੀ ਦੇ ਬੀਓਪੀ ਕੱਕੜ ਦੇ ਇਲਾਕੇ ਵਿੱਚੋਂ 5 ਕਿਲੋ ਹੈਰੋਇਨ ਲੈ ਕੇ ਜਾ ਰਿਹਾ ਹੈਕਸਾਕਾਪਟਰ ਹਾਈਟੈਕ ਡਰੋਨ ਬਰਾਮਦ ਕੀਤਾ ਗਿਆ।