Connect with us

News

ਭਾਰਤੀ ਹਾਕੀ ਨੂੰ ਸਿਖਰਾਂ ਤੱਕ ਪਹੁੰਚਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਦੇ ਜੀਵਨ ‘ਤੇ ਇੱਕ ਝਾਤ

Published

on

ਬਲਬੀਰ ਸਿੰਘ ਸੀਨੀਅਰ ਸਿਰਫ਼ ਇੱਕ ਨਾਮ ਨਹੀਂ ਇਹ ਭਾਰਤੀ ਰਾਸ਼ਟਰੀ ਖੇਡ ਮੰਨੀ ਜਾਂਦੀ ਹਾਕੀ ਦਾ ਇਤਿਹਾਸ ਲਿਖਣ ਵਾਲਾ ਸੁਨਹਿਰੀ ਸ਼ਬਦ ਹੈ। ਹਾਕੀ ਰਾਹੀਂ ਭਾਰਤ ਦਾ ਨਾਮ ਦੋ ਵਾਰ ਦੁਨੀਆਂ ਉੱਪਰ ਧਰੁਵ ਤਾਰੇ ਵਾਂਗੂ ਦੁਨੀਆਂ ‘ਤੇ ਚਮਕਿਆ ।ਪਹਿਲਾਂ ,ਹਾਕੀ ਦੇ ਜਾਦੂਗਰ ਕਹੇ ਜਾਂਦੇ ਮੇਜਰ ਧਿਆਨ ਚੰਦ ਨੇ ਲਗਾਤਾਰ ਭਾਰਤ ਨੂੰ 1928,1932 ਅਤੇ 1936 ‘ਚ ਆਪਣੇ ਜਾਦੂਗਰੀ ਖੇਡ ਨਾਲ ਸੰਸਾਰ ਜੇਤੂ ਬਣਾਇਆ ਪਰ ਫਿਰ ਦੌਰ ਬਲਬੀਰ ਸਿੰਘ ਸੀਨੀਅਰ ਦਾ ਆਇਆ ਜਿਨ੍ਹਾਂ ਨੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਜੋ ਅੱਜ ਤੱਕ ਦੁਨੀਆਂ ਦੇ ਕਿਸੇ ਖਿਡਾਰੀ ਤੋਂ 70 ਸਾਲ ਬਾਅਦ ਵੀ ਨਹੀਂ ਤੋੜੇ ਜਾ ਸਕੇ।
ਬਲਬੀਰ ਸਿੰਘ ਸੀਨੀਅਰ ਦੀ ਪਹਿਲੀ ਵਾਰ ਭਾਰਤੀ ਟੀਮ ‘ਚ ਚੋਣ 1947 ਨੂੰ ਸ਼੍ਰੀਲੰਕਾ ਦੌਰੇ ਲਈ ਹੋਈ। ਦੇਸ਼ ਦੀ ਵੰਡ ਤੋਂ ਬਾਅਦ ਬਲਬੀਰ ਸਿੰਘ ਨੇ ਭਾਰਤੀ ਹਾਕੀ ਵਿਚ ਸੈਂਟਰ ਫਾਰਵਰਡ ਦੀ ਪੁਜੀਸ਼ਨ ‘ਤੇ ਖੇਡਦਿਆਂ ਧਿਆਨ ਚੰਦ ਦੀ ਕਮੀ ਨਾ ਸਿਰਫ ਦੂਰ ਕੀਤੀ ਬਲਕਿ ਭਾਰਤੀ ਹਾਕੀ ਨੂੰ ਹੋਰ ਵੀ ਸਿਖਰਾਂ ਉਤੇ ਪਹੁੰਚਾਇਆ। ਬਲਬੀਰ ਸਿੰਘ ਨੇ ਇਸੇ ਟੀਮ ਵਿਚ ਖੇਡਦਿਆਂ 1948 ਵਿਚ ਲੰਡਨ ਵਿਖੇ ਆਪਣੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਬਲਬੀਰ ਸਿੰਘ ਨੇ ਅਰਜਨਟਾਈਨਾ ਖ਼ਿਲਾਫ਼ ਪਹਿਲੇ ਮੈਚ ਵਿਚ ਹੈਟ੍ਰਿਕ ਸਮੇਤ ਛੇ ਗੋਲ ਦਾਗੇ ਅਤੇ ਭਾਰਤ ਨੇ 9-1 ਨਾਲ ਇਹ ਮੈਚ ਜਿੱਤਿਆ। ਫਾਈਨਲ ਵਿਚ ਭਾਰਤ ਨੇ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿਚ ਬਲਬੀਰ ਸਿੰਘ ਦੇ ਦੋ ਗੋਲ ਸ਼ਾਮਲ ਸਨ।

ਇਸ ਤੋਂ ਅਗਲੀ ਓਲੰਪਿਕਸ 1952 ਵਿਚ ਹੈਲਸਿੰਕੀ ਵਿਖੇ ਸੀ, ਜਿੱਥੇ ਬਲਬੀਰ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਬਣਿਆ। ਸੈਮੀ ਫਾਈਨਲ ਵਿਚ ਬਲਬੀਰ ਸਿੰਘ ਦੇ ਤਿੰਨ ਗੋਲਾਂ ਦੀ ਬਦੌਲਤ ਭਾਰਤ ਨੇ ਬਰਤਾਨੀਆ ਨੂੰ 3-1 ਨਾਲ ਹਰਾਇਆ। ਫਾਈਨਲ ਵਿੱਚ ਭਾਰਤ ਨੇ ਹਾਲੈਂਡ ਨੂੰ 6-1 ਨਾਲ ਹਰਾਇਆ। ਜਿਸ ਵਿੱਚ ਬਲਬੀਰ ਸਿੰਘ ਦੇ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕਿਸੇ ਫਾਈਨਲ ਵਿਚ ਇਹ ਕਿਸੇ ਖਿਡਾਰੀ ਵਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਸੀ ਜੋ ਹਾਲੇ ਤੱਕ ਨਹੀਂ ਟੁੱਟਿਆ। ਹੈਲਸਿੰਕੀ ਵਿਚ ਭਾਰਤ ਨੇ ਕੁੱਲ 13 ਗੋਲ ਕੀਤੇ, ਜਿਨ੍ਹਾਂ ਵਿਚੋਂ ਇਕੱਲੇ ਬਲਬੀਰ ਸਿੰਘ ਦੇ ਗੋਲਾਂ ਦੀ ਗਿਣਤੀ 9 ਸੀ।

1954 ਵਿਚ ਮਲਾਇਆ ਤੇ ਸਿੰਗਾਪੁਰ ਦੇ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਦੀ ਕਪਤਾਨੀ ਪਹਿਲੀ ਵਾਰ ਬਲਬੀਰ ਸਿੰਘ ਨੂੰ ਮਿਲੀ। 1956 ਦੀਆਂ ਮੈਲਬਰਨ ਓਲੰਪਿਕ ਖੇਡਾਂ ਵਿਚ ਬਲਬੀਰ ਸਿੰਘ ਸੀਨੀਅਰ ਭਾਰਤੀ ਟੀਮ ਦਾ ਕਪਤਾਨ ਸੀ। ਪਹਿਲੇ ਮੈਚ ਵਿਚ ਹੀ ਉਸ ਨੇ ਅਫਗਾਨਸਿਤਾਨ ਖਿਲਾਫ ਪੰਜ ਗੋਲ ਕੀਤੇ। ਦੂਜੇ ਮੈਚ ਵਿੱਚ ਉਸ ਦੀ ਚੀਚੀ ਨਾਲ ਦੀ ਉਂਗਲ ਟੁੱਟ ਗਈ। ਸੱਟ ਕਾਰਨ ਉਹ ਬਾਕੀ ਲੀਗ ਮੈਚ ਨਹੀਂ ਖੇਡ ਸਕਿਆ। ਸੈਮੀ ਫਾਈਨਲ ਤੇ ਫਾਈਨਲ ਮੈਚ ਉਹ ਟੁੱਟੀ ਉਂਗਲ ਨਾਲ ਹੀ ਖੇਡਿਆ ਅਤੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਟੀਮ ਨੇ ਜਿੱਥੇ ਲਗਾਤਾਰ ਛੇਵਾਂ ਓਲੰਪਿਕ ਸੋਨ ਤਮਗਾ ਜਿੱਤਿਆ ਉਥੇ ਬਲਬੀਰ ਸਿੰਘ ਦੀ ਵੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਆਖਰੀ ਵੱਡੇ ਮੁਕਾਬਲੇ ਵਜੋਂ ਬਲਬੀਰ ਸਿੰਘ ਨੇ 1958 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਭਾਰਤੀ ਟੀਮ ਦੀ ਕਪਤਾਨੀ ਕੀਤੀ। ਹਾਲਾਂਕਿ ਫਿਟਨੈਸ ਅਤੇ ਫਾਰਮ ਨੂੰ ਦੇਖਦਿਆਂ ਉਹ 1960 ਦੀਆਂ ਰੋਮ ਓਲੰਪਿਕ ਖੇਡਾਂ ਲਈ ਵੀ ਫਿੱਟ ਸਨ ਪਰ ਟੀਮ ਵਿੱਚ ਨਹੀਂ ਚੁਣਿਆ। ਰੋਮ ਵਿਖੇ ਭਾਰਤ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਸੋਨੇ ਦੇ ਤਮਗੇ ਤੋਂ ਬਿਨਾਂ ਵਾਪਸ ਪਰਤੀ। ਉਸ ਵੇਲੇ ਬਲਬੀਰ ਸਿੰਘ ਪੰਜਾਬ ਪੁਲਸ ਵਿਚ ਡੀ.ਐੱਸ.ਪੀ. ਵਜੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸੁਰੱਖਿਆ ਵਿਚ ਤਾਇਨਾਤ ਸੀ। ਟੀਮ ਦੀ ਫਾਈਨਲ ਵਿਚ ਹਾਰ ‘ਤੇ ਪ੍ਰਤਾਪ ਸਿੰਘ ਕੈਰੋਂ ਨੇ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਸੀ, ”ਟੀਮ ਸੁਆਹ ਜਿੱਤਦੀ, ਜਿਹੜਾ ਟੀਮ ਜਿਤਾਉਂਦਾ ਰਿਹਾ, ਉਹ ਤਾਂ ਔਰ ਪਿੱਛੇ ਖੜ੍ਹਾ ਹੈ ਪਿਸਤੌਲ ਪਾਈ। 1975 ਵਿਚ ਕੁਆਲਾ ਲੰਪਰ ਵਿਖੇ ਜਿੱਤਿਆ ਵਿਸ਼ਵ ਕੱਪ ਭਾਰਤੀ ਹਾਕੀ ਦਾ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਖਿਤਾਬ ਹੈ।
ਇਸ ਤੋਂ ਇਲਾਵਾ ਉਨ੍ਹਾਂ ਕੌਮੀ ਟੀਮ ਦੇ ਕੋਚ/ਮੈਨੇਜਰ ਰਹਿੰਦਿਆਂ ਭਾਰਤ ਨੂੰ 1962 ਵਿਚ ਕੌਮਾਂਤਰੀ ਹਾਕੀ ਟੂਰਨਾਮੈਂਟ ਵਿਚ ਸੋਨੇ ਦਾ ਤਮਗਾ, 1970 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਮਗਾ, 1971 ਦੇ ਵਿਸ਼ਵ ਕੱਪ ਵਿਚ ਕਾਂਸੀ ਦਾ ਤਮਗਾ, 1982 ਵਿਚ ਚੈਂਪੀਅਨਜ਼ ਟਰਾਫੀ ਵਿਚ ਕਾਂਸੀ ਦਾ ਤਮਗਾ, 1982 ਦੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਮਗਾ ਅਤੇ 1982 ਵਿਚ ਮੈਲਬਰਨ ਵਿਖੇ ਅਸਾਂਡਾ ਕੱਪ ਵਿਚ ਚਾਂਦੀ ਦਾ ਕੱਪ ਜਿਤਾਇਆ।
ਬਲਬੀਰ ਸਿੰਘ ਦੇ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 31 ਦਸੰਬਰ 1923 ਨੂੰ ਅਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇਕ ਸਾਲ ਦੀ ਪੜ੍ਹਾਈ ਡੀ.ਐੱਮ.ਕਾਲਜ ਮੋਗਾ ਤੋਂ ਕੀਤੀ। ਫੇਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ ਜਿੱਥੋਂ ਐੱਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖਾਲਸਾ ਕਾਲਜ ਵਲੋਂ ਖੇਡਦਿਆਂ ਭਾਵੇਂ ਉਸ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਜ਼ਰੂਰ ਮਿਲਿਆ।

ਪੰਜਾਬ ਦੀ ਕਪਤਾਨੀ ਕਰਦਿਆਂ ਉਨ੍ਹਾਂ ਪੰਜਾਬ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਦੀ ਹੈਟ੍ਰਿਕ ਪੂਰੀ ਕੀਤੀ ਬਲਬੀਰ ਸਿੰਘ ਦੇ ਨਾਮ ਨਾਲ ਸੀਨੀਅਰ ਸ਼ਬਦ 60 ਦੇ ਦਹਾਕੇ ਵੇਲੇ ਜੁੜਿਆ ਕਿਉਂਕ ਉਸ ਵਕਤ 4 ਬਲਬੀਰ ਸਿੰਘ ਭਾਰਤੀ ਟੀਮ ਲਈ ਖੇਡ ਰਹੇ ਸਨ ਜਿਸ ਕਰਕੇ ਬਲਬੀਰ ਸਿੰਘ ਦੋਸਾਂਝ ਤੋਂ ਉਹ ਬਲਬੀਰ ਸਿੰਘ ਸੀਨੀਅਰ ਬਣ ਗਏ। ਕੋਚ ਬਣਨ ਤੋਂ ਬਾਅਦ ਵੀ ਭਾਰਤੀ ਟੀਮ ਨੂੰ ਬਲਬੀਰ ਸਿੰਘ ਸੀਨੀਅਰ ਨੇ ਬਹੁਤ ਮੈਡਲ ਦਵਾਏ ਪਰ ਦੇਸ਼ ਦੇ ਨਾਮ ਨੂੰ ਚਮਕਾਉਣ ਵਾਲੇ ਸਤਾਰੇ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਤਾਂ ਦੁਨੀਆਂ ਦੇ 16 ਲੀਜੈਂਡ ਖਿਡਾਰੀਆਂ ਵਿੱਚ ਇਕੱਲੇ ਭਾਰਤੀ ਦਾ ਨਾਮ ਸ਼ਾਮਿਲ ਕੀਤਾ ਬਲਬੀਰ ਸਿੰਘ ਸੀਨੀਅਰ ਨੂੰ 1957 ਵਿਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ।ਪਰ ਉਨ੍ਹਾਂ ਨੂੰ ਭਾਰਤ ਰਤਨ ਦਿਵਾਉਣ ਲਈ ਕਈ ਮੁਹਿੰਮਾਂ ਚੱਲੀਆਂ ਪਰਭਾਰਤ ਸਰਕਾਰ ਨੇ ਹਾਲੇ ਤੱਕ ਇਸ ਖਿਡਾਰੀ ਨੂੰ ਭਾਰਤ ਰਤਨ ਨਹੀਂ ਦਿੱਤਾ।

ਇਹਨਾ ਦੇ ਦਿਹਾਂਤ ਉੱਤੇ ਫ਼ਿਲਮੀ ਜਗਤ, ਖੇਡ ਜਗਤ, CM ਦੇ ਨਾਲ ਨਾਲ ਹੋਰਨਾਂ ਨੇ ਵੀ ਟਵੀਟ ਰਾਹੀਂ ਇਹਨਾਂ ਨੂੰ ਯਾਦ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ।