Connect with us

Punjab

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਇੱਕ ਫੇਰੀ ਨੇ ਬਦਲੀ ਐਮ.ਐਸ.ਸੀ ਯੋਗਾ ਦੇ ਵਿਦਿਆਰਥੀਆਂ ਦੀ ਜ਼ਿੰਦਗੀ

Published

on

ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਪ੍ਰਗਟਾਵਾ ਬਿਉਰੋ ਵੱਲੋਂ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਨੌਕਰੀ ਪ੍ਰਾਪਤ ਕਰ ਚੁੱਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ‘ਚ 2022 ਐਮ.ਐਸ.ਸੀ-ਯੋਗਾ ਪਾਸ ਕਰਨ ਵਾਲੇ ਪਹਿਲੇ ਬੈਚ ਦੇ 7 ਵਿਦਿਆਰਥੀਆਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਚਾਰੂ ਸ਼ਰਮਾ ਐਚ.ਓ.ਡੀ ਯੋਗਾ ਵਿਭਾਗ ਵੱਲੋਂ ਇੱਕ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਦਾ ਦੌਰਾ ਕਰਵਾਇਆ ਗਿਆ।

ਸਾਰੇ ਵਿਦਿਆਰਥੀਆਂ ਨੂੰ ਬਿਊਰੋ ਵੱਲੋਂ ਚਲਾਇਆ ਜਾ ਰਹੀਆਂ ਮੁਫ਼ਤ ਇੰਟਰਨੈੱਟ ਸੇਵਾ, ਮੁਫ਼ਤ ਕੋਚਿੰਗ, ਨਾਮ ਦਰਜ ਕਰਨਾ, ਕੈਰੀਅਰ ਕਾਊਂਸਲਿੰਗ, ਪਲੇਸਮੈਂਟ ਕੈਂਪ, ਮੁਫ਼ਤ ਸਕਿੱਲ ਕੋਰਸ, ਸਵੈ ਰੋਜ਼ਗਾਰ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਪ੍ਰਾਰਥੀਆਂ ਦੇ ਨਾਮ ਦਰਜ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਡੀ.ਬੀ.ਈ.ਈ ਦੇ ਅਧਿਕਾਰੀਆਂ ਵੱਲੋਂ ਇੰਟਰਵਿਊ ਪਾਸ ਕਰਨ ਲਈ ਤਿਆਰੀ ਕਰਵਾਈ ਗਈ।

ਇਸ ਮਗਰੋਂ ਵਿਦਿਆਰਥੀਆਂ ਦੀ ਅਕਾਲ ਅਕੈਡਮੀ ਜਿਹੀ ਨਾਮੀ ਸੰਸਥਾ, ਕੇ.ਵੀ ਸਕੂਲ, ਨਾਭਾ ਅਤੇ ਨਰਾਇਣ ਪਬਲਿਕ ਸਕੂਲ, ਸਨੌਰ ‘ਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ। ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਕਰਨ ਮਗਰੋਂ ਸੰਜੇ ਸਲੂਜਾ, ਭਾਵਇਆ ਸਲੂਜਾ, ਬਲਵਿੰਦਰ ਸਿੰਘ, ਲਾਭ ਸਿੰਘ ਅਕਾਲ ਅਕੈਡਮੀ, ਬੜੂ ਸਾਹਿਬ ਵਿਖੇ ਕ੍ਰਮਵਾਰ ਪੀ.ਟੀ.ਆਈ. ਟੀਚਰ, ਸਪੋਰਟਸ ਟੀਚਰ, ਯੋਗਾ ਇੰਸਟਰਕਟਰ ਵਜੋਂ ਪ੍ਰਤੀ ਮਹੀਨਾ 30-35 ਹਜ਼ਾਰ ਰੁਪਏ ਤੇ ਨਿਯੁਕਤੀ ਹੋ ਗਈ ਹੈ। ਇਸ ਤੋਂ ਇਲਾਵਾ ਬਲਜੀਤ ਕੌਰ ਦੀ ਨਿਯੁਕਤੀ ਕੇ.ਵੀ ਸਕੂਲ, ਨਾਭਾ ਅਤੇ ਰਜਨੀ ਦੀ ਨਿਯੁਕਤੀ ਨਰਾਇਣ ਪਬਲਿਕ ਸਕੂਲ, ਸਨੌਰ ਵਿਖੇ ਯੋਗਾ ਟੀਚਰ ਵੱਜੋਂ ਹੋ ਗਈ ਹੈ।

ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਅਧਿਕਾਰੀਆਂ ਵੱਲੋਂ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਣ ਦਾ ਦਿਲੋਂ ਧੰਨਵਾਦ ਕਰਦਿਆ ਹੋਰਨਾਂ ਨੌਜਵਾਨਾਂ ਨੂੰ ਅਪੀਲ ਕੀਤੀ, ਕਿ ਉਹ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਪਟਿਆਲਾ ਵਿਖੇ ਜ਼ਰੂਰ ਦਰਜ ਕਰਵਾਉਣ ਅਤੇ ਬਿਊਰੋ ਵੱਲੋਂ ਇੱਕ ਛੱਤ ਹੇਠਾਂ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਦਾ ਭਰਪੂਰ ਲਾਭ ਉਠਾਉਣ ਅਤੇ ਆਪਣੀ ਜ਼ਿੰਦਗੀ ਸਫਲ ਬਣਾਉਣ।