Connect with us

Punjab

ਆਮ ਆਦਮੀ ਕਲੀਨਿਕ ਸਿਹਤ ਸੇਵਾਵਾਂ ਦੇ ਖੇਤਰ ‘ਚ ਵੱਡੇ ਵਾਅਦੇ ਦੀ ਪੂਰਤੀ : ਡਾ. ਇੰਦਰਬੀਰ ਸਿੰਘ ਨਿੱਝਰ

Published

on

ਚੰਡੀਗੜ੍ਹ/ਜਲੰਧਰ : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਥਾਨਕ ਰਾਜਨ ਕਲੋਨੀ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਖੁੱਲ੍ਹ ਰਹੇ ਇਨ੍ਹਾਂ ਕਲੀਨਿਕਾਂ ਦੇ ਸ਼ੁਰੁ ਹੋਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲੋਕਾਂ ਨਾਲ ਕੀਤਾ ਵੱਡਾ ਵਾਅਦਾ ਪੂਰਾ ਹੋਇਆ ਹੈ । 

ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਦੌਰਾਨ ਡਾ. ਨਿੱਝਰ ਨੇ ਮੌਜੂਦ ਡਾਕਟਰਾਂ ਦੀ ਟੀਮ ਤੋਂ ਆਪਣਾ ਚੈਕਅਪ ਵੀ ਕਰਵਾਇਆ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਸਮੇਤ ਆਮ ਆਦਮੀ ਕਲੀਨਿਕ ਦਾ ਜਾਇਜ਼ਾ ਲੈੰਦਿਆ ਡਾ. ਨਿੱਜਰ ਨੇ ਜਲੰਧਰ ਜਿਲੇ ਵਿੱਚ ਸ਼ੁਰੂ ਹੋਏ ਕਲੀਨਿਕਾਂ, ਸਟਾਫ਼ ਅਤੇ ਸਿਹਤ ਸੇਵਾਵਾਂ ਬਾਰੇ ਸਿਵਲ ਸਰਜਨ ਡਾ. ਰਮਨ ਸ਼ਰਮਾਂ ਨਾਲ ਗੱਲਬਾਤ ਵੀ ਕੀਤੀ। ਡਾ. ਨਿੱਝਰ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਮੌਕੇ ਸੂਬਾ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 6 ਜਲੰਧਰ ਜਿਲੇ ਵਿੱਚ ਸ਼ੁਰੂ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋੜੀੰਦੀਆਂ ਸਿਹਤ ਸੇਵਾਵਾਂ ਮੁਫ਼ਤ ਉਪਲਬਧ ਹਨ ਅਤੇ ਟੈਸਟਾਂ ਦੀ ਵੀ ਵਿਵਸਥਾ ਰੱਖੀ ਗਈ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਆਮ ਲੋਕਾਂ ਤੱਕ ਵਧੀਆ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣੇਗੀ ਅਤੇ ਹਸਪਤਾਲਾਂ ’ਤੇ ਮਰੀਜ਼ਾਂ ਦਾ ਬੋਝ ਘਟੇਗਾ।

ਸਟਾਫ਼ ਦੀ ਤਾਇਨਾਤੀ ਬਾਰੇ ਜਾਣਕਾਰੀ ਦਿੰਦਿਆਂ ਡਾ. ਨਿੱਝਰ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਾਸਤੇ ਇੱਕ ਮੈਡੀਕਲ ਅਫ਼ਸਰ ਤੋਂ ਇਲਾਵਾ ਫ਼ਾਰਮਾਸਿਸਟ, ਕਲੀਨੀਕਲ ਸਹਾਇਕ ਤੇ ਅਟੈਂਡੈਂਟ ਸਮੇਤ ਚਾਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ 41 ਤਰ੍ਹਾਂ ਦੇ ਡਾਕਟਰੀ ਟੈਸਟ ਮੁਫ਼ਤ ਕੀਤੇ ਜਾਣਗੇ । ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਗਰਮੀਆਂ ਵਿੱਚ ਸਵੇਰੇ 8 ਤੋਂ ਦੁਪਹਿਰ 2 ਵਜੇ ਅਤੇ ਸਰਦੀਆਂ ਵਿੱਚ ਸਵੇਰੇ 9 ਤੋਂ ਦਪਹਿਰ 3 ਵਜੇ ਤੱਕ ਬਿਮਾਰੀਆਂ ਦੀ ਜਾਂਚ ਅਤੇ ਵੱਖ-ਵੱਖ ਕਲੀਨੀਕਲ ਟੈਸਟਾਂ ਸਮੇਤ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਰਫ਼ ਗੰਭੀਰ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਵੇਗਾ। ਡਾ. ਨਿੱਝਰ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਮੁੱਖ ਤਰਜੀਹਾਂ ਹਨ, ਜਿਨ੍ਹਾਂ ਵੱਲ ਸਰਕਾਰ ਵੱਲੋਂ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਰਾਜਵਿੰਦਰ ਕੌਰ ਆਦਿ ਵੀ ਮੌਜੂਦ ਸਨ।

ਕਬੀਰ ਵਿਹਾਰ ਵਿਖੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਸੂਲਪੁਰ ਤੇ ਫਰਵਾਲਾ ‘ਚ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ : 

ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਸਥਾਨਕ ਕਬੀਰ ਵਿਹਾਰ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਜਦਕਿ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਪਿੰਡ ਰਸੂਲਪੁਰ ਅਤੇ ਫਰਵਾਲਾ ਵਿਖੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਵੱਲੋਂ ਅਲਾਵਲਪੁਰ ਵਿਖੇ ਅਤੇ ਨਾਇਬ ਤਹਿਸੀਲਦਾਰ ਮਨੋਹਰ ਲਾਲ ਵੱਲੋਂ ਪਾਸਲਾ ਵਿਖੇ ਆਮ ਆਦਮੀ ਕਲੀਨਿਕਾਂ ਦਾ ਆਗਾਜ਼ ਕੀਤਾ ਗਿਆ।