Punjab
ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ ਮਾਨ 16 ਮਾਰਚ ਨੂੰ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼

ਖਟਕੜਕਲਾਂ: ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ ਮਾਨ ਨੇ ਆਪਣੀ ਧੂਰੀ ਸੀਟ ਜਿੱਤਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਜਾ ਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਐਲਾਨ ਕੀਤਾ ਹੈ। ਆਪਣੀ ਧੂਰੀ ਤੋਂ ਜਿੱਤ ਅਤੇ ਪਾਰਟੀ ਦੀ ਪੰਜਾਬ ‘ਚ ਲਾਮਿਸਾਲ ਜਿੱਤ ਤੋਂ ਬਾਅਦ ਸੰਗਰੂਰ ਵਿਖ਼ੇ ਆਪਣੇ ਘਰ ਦੀ ਛੱਤ ਤੋਂ ਪਹਿਲੀ ਵਾਰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਰਾਜ ਅੰਦਰ ਕਿਸੇ ਵੀ ਦਫ਼ਤਰ ‘ਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ ਸਗੋਂ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਮੇਰੇ ’ਤੇ ਯਕੀਨ ਰੱਖਣ, ਮੇਰੀ ਨੀਅਤ ਮਾੜੀ ਨਹੀਂ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਾਂਗੇ ਅਤੇ ਇਕ ਮਹੀਨੇ ਵਿੱਚ ਹੀ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ।