Punjab
ਘਰ ‘ਚ ਵੜ੍ਹ ਕੇ ‘ਆਪ’ ਸਰਪੰਚ ਦਾ ਬੇਰਹਿਮੀ ਨਾਲ ਕਤਲ
BARNALA : ਪੰਜਾਬ ਅੰਦਰ ਲਗਾਤਾਰ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸੇ ਦੇ ਚਲਦਿਆਂ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਉਮਰ ਮਹਿਜ਼ 26 ਸਾਲ ਸੀ। ਇਹ ਕਤਲ ਕਿਤੇ ਬਾਹਰ ਨਹੀਂ ਸਗੋਂ ਘਰ ‘ਚ ਅੰਦਰ ਵੜ੍ਹ ਕੇ ਕੀਤਾ ਗਿਆ ਹੈ।
ਇਸ ਮੌਕੇ ਬਰਨਾਲੇ ਦੀ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਵਿਅਕਤੀਆਂ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਪਿੰਡ ਦੇ ਵਿਅਕਤੀ ਉਹਨਾਂ ਨਾਲ ਰੰਜਸ ਰੱਖ ਰਹੇ ਸਨ। ਅੱਜ ਸ਼ਾਮ ਨੂੰ ਜਦ ਪਿੰਡ ਦੇ ਕੁਝ ਵਿਅਕਤੀ ਪਿੰਡ ਵਿੱਚ ਚਿੱਟੇ ਦਾ ਨਸ਼ਾ ਕਰ ਰਹੇ ਸਨ ਤਾਂ ਉਹਨਾਂ ਨੂੰ ਰੋਕਣ ਤੋੰ ਕੁਝ ਸਮੇਂ ਬਾਅਦ ਹੀ ਉਹ ਨਸ਼ਾ ਤਸਕਰ ਆਪਣੇ ਕਈ ਸਾਥੀਆਂ ਸਮੇਤ ਸਰਪੰਚ ਦੇ ਘਰ ਹਥਿਆਰ ਲੈ ਕੇ ਆ ਗਏ। ਜਿਸ ਤੋਂ ਬਾਅਦ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀਆਂ ਤੇ ਜਾਨਲੇਵਾ ਹਮਲਾ ਕਰ ਦਿੱਤਾ।
ਇਸ ਹਮਲੇ ਦੌਰਾਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਬਰਛਾ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਪਹਿਲਾਂ ਪਦੋਲ ਹਸਪਤਾਲ ਵਿਖੇ ਲੈ ਕੇ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਭੇਜਿਆ ਗਿਆ। ਇਲਾਜ ਦੌਰਾਨ ਜਾ ਰਹੇ ਰਸਤੇ ਵਿਚ ਹੀ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ । ਸਰਪੰਚ ਸੁਖਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਜਿੱਥੇ ਮੌਜੂਦਾ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਪਿੰਡ ਦਾ ਸਰਪੰਚ ਸੀ ਉੱਥੇ ਆਮ ਆਦਮੀ ਪਾਰਟੀ ਦਾ ਵੀ ਪੁਰਾਣਾ ਸਮਰਥਕ ਦੱਸਿਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਵਿਧਾਨ ਸਭਾ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌਕੇ ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਆਦੇਸ਼ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਬਰਨਾਲਾ ਵਿੱਚ ਸਭ ਤੋਂ ਘੱਟ ਉਮਰ ਦਾ ਸਰਪੰਚ ਸੁਖਜੀਤ ਸਿੰਘ ਸੀ। ਜਿਸ ਦੀ ਉਮਰ ਸਿਰਫ 26 ਸਾਲ ਸੀ।