National
7 ਸਾਲਾਂ ਬਾਅਦ ਦਿੱਲੀ ‘ਚ ਦੀਵਾਲੀ ‘ਤੇ ਹਵਾ ਰਹੀ ਸਭ ਤੋਂ ਵਧੀਆ

13ਨਵੰਬਰ 2023: ਦਿੱਲੀ ਦੇ ਲੋਕਾਂ ਨੇ 7 ਸਾਲ ਬਾਅਦ ਦੀਵਾਲੀ ‘ਤੇ ਵਧੀਆ ਹਵਾ ਦਾ ਸਾਹ ਲਿਆ। ਐਤਵਾਰ (12 ਨਵੰਬਰ) ਨੂੰ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 202 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, 2022 ਦੀ ਦੀਵਾਲੀ ‘ਤੇ, ਦਿੱਲੀ ਵਿੱਚ AQI 312, 2021 ਵਿੱਚ 382, 2020 ਵਿੱਚ 414, 2019 ਵਿੱਚ 337, 2018 ਵਿੱਚ 281, 2017 ਵਿੱਚ 319 ਅਤੇ 2016 ਵਿੱਚ 431 ਦਰਜ ਕੀਤਾ ਗਿਆ ਸੀ।
ਦਿੱਲੀ ‘ਚ 9 ਅਤੇ 10 ਨਵੰਬਰ ਨੂੰ ਹੋਈ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ‘ਚ ਕਰੀਬ 50 ਫੀਸਦੀ ਦੀ ਕਮੀ ਆਈ ਹੈ। ਦਿੱਲੀ ਵਿੱਚ AQI ਲਗਾਤਾਰ ਦੋ ਦਿਨਾਂ ਤੋਂ 250 ਤੋਂ ਘੱਟ ਹੈ। ਸ਼ਨੀਵਾਰ (11 ਨਵੰਬਰ) ਨੂੰ AQI 219 ਸੀ। ਬਾਰਸ਼ ਤੋਂ ਪਹਿਲਾਂ 9 ਨਵੰਬਰ ਨੂੰ ਦਿੱਲੀ ਦਾ AQI 437 ਦਰਜ ਕੀਤਾ ਗਿਆ ਸੀ।
ਹਾਲਾਂਕਿ ਭਾਰਤੀ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਫਿਰ ਤੋਂ ਖਰਾਬ ਹੋ ਜਾਵੇਗੀ। ਦਿੱਲੀ ਸਿਹਤ ਵਿਭਾਗ ਨੇ ਇਸ ਸਬੰਧੀ 11 ਨਵੰਬਰ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਸਰਕਾਰ ਨੇ ਦੀਵਾਲੀ, ਵਿਸ਼ਵ ਕੱਪ ਦੇ ਮੈਚਾਂ ਅਤੇ ਛਠ ਦੌਰਾਨ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਸਿਹਤ ਵਿਭਾਗ ਨੇ ਲੋਕਾਂ ਨੂੰ ਸਵੇਰ-ਸ਼ਾਮ ਦੀ ਸੈਰ, ਗੇੜੇ ਜਾਂ ਕਿਸੇ ਤਰ੍ਹਾਂ ਦੀ ਸਰੀਰਕ ਕਸਰਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਬੰਦ ਪਈਆਂ ਥਾਵਾਂ ‘ਤੇ ਸਿਗਰਟ ਨਾ ਪੀਣ, ਮੱਛਰ ਭਜਾਉਣ ਵਾਲੀ ਕੋਇਲ ਜਾਂ ਧੂਪ ਸਟਿਕ ਨਾ ਸਾੜਨ ਲਈ ਵੀ ਕਿਹਾ ਗਿਆ ਹੈ।