Punjab
CM ਮਾਨ ਦੇ ਮੰਤਰੀ ਮੰਡਲ ‘ਚ ਸ਼ਾਮਲ ਹੋਣ ਤੋਂ ਬਾਅਦ ਖੁੱਡੀਆਂ ਤੇ ਬਲਕਾਰ ਸਿੰਘ ਆਏ ਮੀਡੀਆ ਸਾਹਮਣੇ, ਕਹੀਆਂ ਇਹ ਗੱਲਾਂ

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ‘ਆਪ’ ਵਿਧਾਇਕਾਂ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੂੰ ਸੂਬੇ ਦੇ ਨਵੇਂ ਮੰਤਰੀ ਵਜੋਂ ਸਹੁੰ ਚੁਕਾਈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇੱਥੇ ਰਾਜ ਭਵਨ ਵਿੱਚ ਦੋਵਾਂ ਨੂੰ ਸਹੁੰ ਚੁਕਾਈ। 60 ਸਾਲਾ ਖੁਡੀਆਂ ਮੁਕਤਸਰ ਦੀ ਲੰਬੀ ਸੀਟ ਤੋਂ ਵਿਧਾਇਕ ਹਨ, ਜਦਕਿ ਬਲਕਾਰ ਸਿੰਘ (60) ਜਲੰਧਰ ਦੀ ਰਾਖਵੀਂ ਸੀਟ ਕਰਤਾਰਪੁਰ ਤੋਂ ਵਿਧਾਇਕ ਹਨ। ਉਹ ਸਾਬਕਾ ਪੁਲਿਸ ਅਧਿਕਾਰੀ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ 2021 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ, ਜਿਸ ਤੋਂ ਬਾਅਦ ਉਹ ਪਹਿਲੀ ਵਾਰ ਵਿਧਾਇਕ ਬਣੇ।
ਸਹੁੰ ਚੁੱਕਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ। ਉਹ ਲੰਬੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਬਦੌਲਤ ਹੀ ਇੱਥੇ ਪੁੱਜੇ ਹਨ। ਖੁੱਡੀਆਂ ਨੇ ਕਿਹਾ ਕਿ ਪੂਰੀ ਇਮਾਨਦਾਰੀ ਨਾਲ ਚੱਲਣਾ ਸਾਡਾ ਫਰਜ਼ ਹੈ ਅਤੇ ਉਹ ਇਸ ਫਰਜ਼ ਨੂੰ ਨਿਭਾਉਣਗੇ। ਮੁੱਖ ਮੰਤਰੀ ਵੱਲੋਂ ਸਾਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਅਸੀਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਦੌਰਾਨ ਨਵ-ਨਿਯੁਕਤ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਜਲੰਧਰ ਜ਼ਿਮਨੀ ਚੋਣ ‘ਚ ਪੂਰੀ ਪਾਰਟੀ ਨੇ ਸਖਤ ਮਿਹਨਤ ਕੀਤੀ। ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਧੀਆ ਕੰਮ ਕੀਤਾ ਹੈ ਅਤੇ ਜਲੰਧਰ ਦੇ ਲੋਕਾਂ ਦੀ ਹਿੰਮਤ ਸਦਕਾ ਹੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ। ਪੰਜਾਬ ਸਰਕਾਰ ਦੁਆਬੇ ਵਿੱਚ ਹਰ ਪਹਿਲੂ ਤੋਂ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਲੋਕਾਂ ਨੇ ਸਹਿਯੋਗ ਦਿੱਤਾ ਹੈ ਉਸੇ ਤਨਦੇਹੀ ਨਾਲ ਇਹ ਕੰਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿੱਚ ਵੀ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ।