India
ਚਚੇਰੀਆਂ ਭੈਣਾਂ ਦਾ ਕਤਲ਼ ਕਰਨ ਤੋਂ ਬਾਅਦ ਕਾਤਿਲ ਹੋਇਆ ਸੜਕ ਹਾਦਸੇ ਦਾ ਸ਼ਿਕਾਰ, ਮੌਕੇ ‘ਤੇ ਹੋਈ ਮੌਤ

ਤਰਨਤਾਰਨ, 23 ਮਈ(ਪਵਨ ਸ਼ਰਮਾ): ਪੱਟੀ ਖਾਰਾ ਲਿੰਕ ਸੜਕ ‘ਤੇ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ ਇਕ ਵਿਅਕਤੀ ਨੇ ਆਪਣੇ ਸਾਥੀ ਨਾਲ ਮਿਲ ਕੇ ਦੋ ਚਚੇਰੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂਕਿ ਇਕ ਹੋਰ ਕੁੜੀ ਘਟਨਾ ਦੌਰਾਨ ਵਾਲ-ਵਾਲ ਬਚ ਗਈ। ਹੱਤਿਆਕਾਂਡ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਸਮੇਂ ਕਾਤਲ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਚਲਾ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਰਮਨਦੀਪ ਕੌਰ, ਅਮਨਦੀਪ ਕੌਰ ਤੇ ਸਿਮਰਦੀਪ ਕੌਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੱਟੀ ਤੋਂ ਪਿੰਡ ਕੋਟ ਦਾਤਾ ਆ ਰਹੀਆਂ ਸਨ। ਇਸੇ ਦੌਰਾਨ ਜੋਬਨਜੀਤ ਸਿੰਘ ਨੇ ਆਪਣੇ ਇਕ ਹੋਰ ਰਿਸ਼ਤੇਦਾਰ ਸਮੇਤ ਤਿੰਨਾਂ ਕੁੜੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੇ ਚੱਲਦਿਆਂ ਰਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਅਮਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਹਾਲਾਂਕਿ ਇਸ ਹਮਲੇ ਦੌਰਾਨ ਸਿਮਰਦੀਪ ਕੌਰ ਵਾਲ-ਵਾਲ ਬਚ ਗਈ। ਮੌਕੇ ‘ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਜੋਬਨ ਸਿੰਘ ਕੁੜੀਆਂ ਦੇ ਚਰਿੱਤਰ ‘ਤੇ ਸ਼ੱਕ ਕਰਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਕਿ ਮੌਕੇ ਤੋਂ ਭੱਜਣ ਸਮੇਂ ਜੋਬਨਜੀਤ ਸਿੰਘ ਦਾ ਮੋਟਰਸਾਈਕਲ ਟਰੈਕਟਰ ਨਾਲ ਜਾ ਟਕਰਾਇਆ। ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।