Corona Virus
ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਆਮ ਵਾਂਗ ਰਹਿਣਗੇ ਖੁੱਲ੍ਹੇ

ਫ਼ਾਜ਼ਿਲਕਾ, 15 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਭਾਵ ਤੋਂ ਬੱਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ/ਅਡਵਾਈਜ਼ਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 15 ਅਪ੍ਰੈਲ ਤੋਂ 3 ਮਈ 2020 ਤੱਕ ਜ਼ਿਲ੍ਹਾ ਫ਼ਾਜਿਲਕਾ ਵਿਚ ਕਰਫ਼ਿਊ ਦੇ ਨਾਲ ਤਾਲਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਆਮ ਵਾਂਗ ਖੁੱਲੇ ਰਹਿਣਗੇ।
ਆਮ ਜਨਤਾ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਜਾਰੀ ਕਰਦਿਆਂ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਮੁਢਲੀਆਂ ਸਹੂਲਤਾਂ ਲੋਕਾਂ ਦੇ ਘਰਾਂ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਫ਼ਾਜਿਲਕਾ ਵਿਚ ਕੋਵਿਡ-19 ਅਧੀਨ ਵੱਖ-ਵੱਖ ਸੇਵਾਵਾਂ ਵਿਚ ਲੱਗੇ ਸਾਰੇ ਕਰਮਚਾਰੀ/ਸੋਸ਼ਲ ਵੈਲਫੇਅਰ/ਐਨ.ਜੀ.ਓਜ/ਦੁਕਾਨਦਾਰ ਆਦਿ ਦੇ ਕਰਫਿਊ ਪਾਸ ਦੀ ਮਿਆਦ ਜੋ ਪਹਿਲਾਂ 14 ਅਪ੍ਰੈਲ 2020 ਤੱਕ ਸੀ, ਹੁਣ ਉਨ੍ਹਾਂ ਦੀ ਮਿਆਦ 3 ਮਈ 2020 ਤੱਕ ਵਧਾਈ ਗਈ ਹੈ। ਅਖਬਾਰਾਂ ਦੀ ਸਪਲਾਈ ਹਾਕਰਾਂ ਵੱਲੋਂ ਆਮ ਵਾਂਗ ਹਰ ਰੋਜ਼ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਅਤੇ ਦੁੱਧ ਦੀ ਸਪਲਾਈ ਰੋਜਾਨਾ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਦੋਧੀਆਂ ਅਤੇ ਡੇਅਰੀ ਮਾਲਕਾਂ ਵੱਲੋਂ ਆਮ ਜਨਤਾ ਦੇ ਘਰ-ਘਰ ਜਾ ਕੇ ਕੀਤੀ ਜਾਵੇਗੀ। ਦੁੱਧ ਚਿਲਿੰਗ ਸੈਂਟਰਾਂ/ਦੁੱਧ ਸੈਂਟਰਾਂ ਵਿਚ ਸਟੋਰੇਜ ਕਰਨ ਸਬੰਧੀ ਵਰਤੇ ਜਾਣ ਵਾਲੇ ਵਹੀਕਲਾਂ ਦੀ ਆਵਾਜਾਈ ਆਮ ਵਾਂਗ ਹੋਵੇਗੀ ਅਤੇ ਇਨ੍ਹਾਂ ਸੰਸਥਾਵਾਂ ’ਤੇ ਕੰਮ ਲੋੜ ਅਨੁਸਾਰ ਚੱਲਦਾ ਰਹੇਗਾ। ਡਿਪਟੀ ਡਾਇਰੈਕਟਰ ਡੇਅਰੀ ਫ਼ਾਜ਼ਿਲਕਾ ਇਹ ਕਾਰਵਾਈ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟਰੇਟ ਸੰਧੂ ਨੇ ਜਾਰੀ ਹੁਕਮਾਂ ’ਚ ਕਿਹਾ ਕਿ ਪਸ਼ੂਆਂ/ਗਊਸ਼ਾਲਾ ਵਿਚ ਚਾਰਾ ਮੁਹੱਈਆ ਕਰਵਾਉਣ ਲਈ ਚਾਰੇ ਦੀ ਸਪਲਾਈ ਰੋਜ਼ਾਨਾਂ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤੀ ਜਾਵੇਗੀ। ਚਾਰੇ ਲਈ ਵਰਤੋਂ ਵਿਚ ਆਉਣ ਵਾਲੇ ਵਹੀਕਲਾਂ ਦੀ ਆਵਾਜਾਈ ਵਿਚ ਕੋਈ ਰੋਕ ਟੋਕ ਨਹੀਂ ਹੋਵੇਗੀ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਹ ਕਾਰਵਾਈ ਯਕੀਨੀ ਬਣਾਉਣਗੇ। ਸਟੇਟ ਹਾਈਵੇ/ਨੈਸ਼ਨਲ ਹਾਈਵੇ ’ਤੇ ਸਥਾਪਿਤ ਪੈਟਰੋਲ ਪੰਪ ਸਾਰਾ ਦਿਨ ਖੁੱਲ੍ਹੇ ਰੱਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਾਕੀ ਪੈਟਰੋਲ ਪੰਪ ਜੋ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਹਨ, ਉਹ ਰੋਜਾਨਾ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ ਅਤੇ ਡੀ.ਐਫ.ਐਸ.ਸੀ. ਇਹ ਕਾਰਵਾਈ ਯਕੀਨੀ ਬਣਾਉਣਗੇ।