Punjab
ਐਂਬੂਲੈਂਸ ਦੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਿਲੌਰ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਜਾਰੀ
ਜੇਕਰ ਤੁਸੀਂ ਵੀ ਅੱਜ ਲੁਧਿਆਣਾ ਤੋਂ ਜਲੰਧਰ ਜਾਂ ਜਲੰਧਰ ਤੋਂ ਲੁਧਿਆਣਾ ਵੱਲ ਆ ਰਹੇ ਹੋ ਤਾਂ ਤੁਹਾਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ 108 ਐਂਬੂਲੈਂਸ ਦੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਿਲੌਰ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਜਾਣਾ ਹੈ। ਪੰਜਾਬ ਭਰ ਤੋਂ 108 ਐਂਬੂਲੈਂਸਾਂ ਨੂੰ ਇੱਥੇ ਆਪਣਾ ਰੋਹ ਜ਼ਾਹਰ ਕਰਨ ਲਈ ਤਾਇਨਾਤ ਕੀਤਾ ਜਾਣਾ ਹੈ।
ਇਸ ਸਬੰਧੀ ਸੰਤੋਖ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ 9 ਤਰੀਕ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ, ਜਿਸ ‘ਚ ਉਨ੍ਹਾਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ ਅਤੇ 72 ਘੰਟਿਆਂ ਦਾ ਅਲਟੀਮੇਟਮ ਵੀ ਦਿੱਤਾ ਸੀ ਪਰ ਉਨ੍ਹਾਂ ਦੀਆਂ ਮੰਗਾਂ ‘ਤੇ ਅੱਗੇ ਤੋਂ ਕੋਈ ਜਵਾਬ ਨਹੀਂ ਆਇਆ। ਸਰਕਾਰ ਵੱਲੋ ਧਿਆਨ ਨਾ ਦੇਣ ਕਾਰਨ ਦਿੱਤਾ ਅਲਟੀਮੇਟਮ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਅੱਜ ਪੰਜਾਬ ਭਰ ਵਿੱਚ 108 ਐਂਬੂਲੈਂਸਾਂ ਹੜਤਾਲ ਤੇ ਚਲੀਆਂ ਗਈਆਂ ਹਨ। ਕਿਸੇ ਵੀ ਮਰੀਜ਼ ਨੂੰ 108 ਐਂਬੂਲੈਂਸ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਹਾਈਵੇ ਜਾਮ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ।