Corona Virus
ਇਕੁਏਡੋਰ ’ਚ ਸੜਕਾਂ ’ਤੇ ਲੱਗੇ ਲਾਸ਼ਾਂ ਦੇ ਢੇਰ, ਮੁਰਦਾਘਰਾਂ ਅਤੇ ਕਬਰਸਤਾਨਾਂ ’ਚ ਨਹੀਂ ਹੈ ਥਾਂ

ਗੁਆਇਕੁਇਲ, (16 ਅਪ੍ਰੈਲ): ਦਸੰਬਰ 2019 ’ਚ ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਵਿਡ-19 ਨੇ ਅਮਰੀਕਾ, ਇਟਲੀ, ਸਪੇਨ ਸਮੇਤ ਕਈ ਸ਼ਕਤੀਸ਼ਾਲੀ ਦੇਸ਼ਾਂ ਦਾ ਸਿਹਤ ਤੰਤਰ ਫੇਲ੍ਹ ਕਰ ਦਿੱਤਾ। ਵਿਸ਼ਵ ਭਰ ਨੂੰ ਆਪਣੀ ਜਕੜ ’ਚ ਲਈ ਬੈਠੇ ਕੋਰੋਨਾਵਾਇਰਸ ਨੇ ਉੱਤਰੀ ਅਮਰੀਕਾ ਦੇ ਦੇਸ਼ ਇਕੁਏਡੋਰ ਦੇ ਸਭ ਤੋਂ ਵੱਡੇ ਸ਼ਹਿਰ ਗੁਆਇਕੁਇਲ ਦੀ ਹਾਲਤ ਇਹ ਕਰ ਦਿੱਤੀ ਹੈ ਕਿ ਇਥੇ ਕੋਰੋਨਾ ਨਾਲ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਸੜਕਾਂ ’ਤੇ ਰੁਲ ਰਹੀਆਂ ਹਨ।
ਇਹ ਸ਼ਹਿਰ ਦੇਸ਼ ਦੀ ਪ੍ਰਮੁੱਖ ਬੰਦਰਗਾਹ ਹੈ, ਆਰਥਿਕ ਤੌਰ ’ਤੇ ਦੇਸ਼ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਕੋਰੋਨਾਵਾਇਰਸ ਨੇ ਇਕੁਏਡੋਰ ਦੇ ਸਿਸਟਮ ਨੂੰ ਇਸ ਤਰ੍ਹਾਂ ਤਹਿਸ-ਨਹਿਸ ਕੀਤਾ ਹੈ ਕਿ ਗੁਆਇਕੁਇਲ ਦੇ ਹੈਲਥ ਸਿਸਟਮ ਦੇ ਹੱਥ ਖੜੇ ਹੋ ਗਏ ਹਨ। ਹਸਪਤਾਲਾਂ ’ਚ ਬੈੱਡ ਅਤੇ ਬਿਸਤਰੇ ਮੁੱਕ ਗਏ ਨੇ ਅਤੇ ਹਸਪਤਾਲਾਂ ਨੇ ਕੋਰੋਨਾ ਪੀੜਤਾਂ ਨੂੰ ਦਾਖਲ ਕਰਨ ਤੋਂ ਹੀ ਮਨ੍ਹਾਂ ਕਰ ਦਿੱਤਾ ਹੈ।
ਮੁਰਦਾਘਰ, ਕਬਰਸਤਾਨਾਂ ਅਤੇ ਸਸਕਾਰ ਘਰਾਂ ’ਚ ਤਣਾਅ ਹੈ। ਲਾਸ਼ਾਂ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਸੜਕਾਂ ’ਤੇ ਰੁਲ ਰਹੀਆਂ ਹਨ। ਮ੍ਰਿਤਕਾਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਲਾਸ਼ਾਂ ਬਾਹਰ ਰੱਖਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।
ਕਈ ਲੋਕਾਂ ਨੇ ਆਪਣੇ ਘਰਾਂ ’ਚ ਹੀ ਲਾਸ਼ਾਂ ਰੱਖੀਆਂ ਹੋਈਆਂ ਹਨ ਅਤੇ ਇਸ ਗੱਲ ਤੋਂ ਉਨ੍ਹਾਂ ਦੇ ਗੁਆਂਢੀ ਖਫਾ ਹਨ। ਇੱਕ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਕਿਹਾ ਕਿ ਗੁਆਂਢੀ ਉਨ੍ਹਾਂ ਨਾਲ ਲੜਦੇ ਹਨ ਅਤੇ ਆਖਦੇ ਹਨ ਲਾਸ਼ਾਂ ਦੀ ਗੰਧ ਬਹੁਤ ਜ਼ਿਆਦਾ ਆ ਰਹੀ ਹੈ।
ਬੀਤੇ ਦਿਨੀਂ ਇਥੋਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ’ਚ ਇੱਕ ਮੋਟਰਸਾਈਕਲ ਸਵਾਰ ਇੱਕ ਲਾਸ਼ ਨੂੰ ਸੁੱਟਦਾ ਵਿਖਾਈ ਦਿੰਦਾ ਹੈ ਅਤੇ ਕਾਫੀ ਦੇਰ ਬਾਅਦ ਇੱਕ ਸਮੂਹ ਮ੍ਰਿਤਕ ਨੂੰ ਚੁੱਕਦਾ ਹੈ। ਇੱਕ ਹੋਰ ਵੀਡੀਓ ’ਚ ਕੁੱਝ ਲੋਕ ਕਾਰ ਚੋਂ ਲਾਸ਼ ਨੂੰ ਬਾਹਰ ਸੁੱਟਦੇ ਵਿਖਾਖੀ ਦਿੰਦੇ ਹਨ। ਇਥੋਂ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਅਧਿਕਾਰੀਆਂ ਨੇ ਗੁਆਇਕੁਇਲ ਦੇ ਘਰਾਂ ਚੋਂ 300 ਤੋਂ ਵੱਧ ਲਾਸ਼ਾਂ ਇਕੱਠੀਆਂ ਕੀਤੀਆਂ ਹਨ।
ਗੁਆਇਕੁਇਲ ਦੀ ਮੇਅਰ ਸਿੰਥੀਆ ਵਿੱਤਰੀ ਨੇ ਬੀਤੇ ਦਿਨੀਂ ਇੱਕ ਟਵੀਟ ’ਚ ਸਰਕਾਰ ਨੂੰ ਕਿਹਾ ਸੀ ਕਿ ‘‘ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ’ਚ ਕੀ ਹੋ ਰਿਹਾ ਹੈ ? ਮੁਰਦਿਆਂ ਨੂੰ ਘਰਾਂ ਚੋਂ ਨਹੀਂ ਚੁੱਕਿਆ ਜਾ ਰਿਹਾ, ਮ੍ਰਿਤਕਾਂ ਨੂੰ ਫੁੱਟਪਾਥਾਂ ’ਤੇ ਛੱਡਿਆ ਜਾ ਰਿਹਾ ਹੈ। ਪੀੜਤ ਹਸਪਤਾਲਾਂ ਦੇ ਸਾਹਮਣੇ ਡਿੱਗ ਰਹੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਚੁੱਕਣਾ ਨਹੀਂ ਚਾਹੁੰਦਾ। ਸਾਨੂੰ ਜਾਨਣ ਦੀ ਜ਼ਰੂਰਤ ਹੈ ਕਿ ਲੋਕ ਆਪਣੇ ਘਰਾਂ ’ਚ ਕਿਉਂ ਮਰ ਰਹੇ ਹਨ ?’’
ਇਥੋਂ ਦੀ ਸਰਕਾਰ ਵੱਲੋਂ ਕੋਰੋਨਾ ਪੀੜਤਾਂ ਅਤੇ ਮ੍ਰਿਤਕਾਂ ਦੀ ਜੋ ਗਿਣਤੀ ਦੱਸੀ ਗਈ ਹੈ ਉਹ ਬਹੁਤੀ ਜ਼ਿਆਦਾ ਨਹੀਂ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਅੰਕੜੇ ਦੱਸੇ ਜਾ ਰਹੇ ਹਨ ਉਹ ਅਸਲੀਅਤ ਨਾਲੋਂ ਕਿਤੇ ਘੱਟ ਹਨ।