Punjab
ਅੰਮ੍ਰਿਤਪ੍ਰੀਤ ਸਿੰਘ ਦਾ ਇੰਡੀਆਜ਼ ਵਰਲਡ ਰਿਕਾਰਡ ’ਚ ਨਾਮ ਹੋਇਆ ਦਰਜ, 120 ਘੰਟੇ ਤਬਲਾ ਵਜਾ ਕੇ ਹਾਸਲ ਕੀਤੀ ਉਪਲੱਬਧੀ

ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਿਲ ਹੋ ਜਾਂਦੀ ਹੈ। ਕਿਸੇ ਵੀ ਖੇਤਰ ’ਚ ਅਹਿਮ ਪ੍ਰਾਪਤੀ ਲਈ ਦਿਲ ਨਾਲ ਕੀਤੀ ਮਿਹਨਤ ਰੰਗ ਜਰੂਰ ਲਿਆਉਂਦੀ ਹੈ। ਇਸੇ ਤਰ੍ਹਾਂ ਹੀ ਬਟਾਲਾ ਸ਼ਹਿਰ ਦੇ ਉੱਤਮ ਨਗਰ ਵਾਸੀ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਕੇ ‘ਇੰਡੀਆਜ਼ ਵਰਲਡ ਰਿਕਾਰਡ’ ’ਚ ਨਾਮ ਦਰਜ ਕਰਵਾ ਲਿਆ ਹੈ,ਇਸ ਨੌਜਵਾਨ ਨੇ ਬਟਾਲੇ ਤੇ ਆਪਣੇ ਮਾਪਿਆਂ ਦਾ ਨਾਮ ਵਿਸ਼ਵ ਪੱਧਰ ’ਤੇ ਚਮਕਾਇਆ ਹੈ। ਇਸ ਤੋਂ ਪਹਿਲਾਂ ਤਬਲਾ ਵਾਦਨ ’ਚ ਵਿਸ਼ਵ ਰਿਕਾਰਡ 110 ਘੰਟੇ ਦਾ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਤਬਲਾ ਵਾਦਨ ’ਚ ਪਹਿਲਾਂ ਵਿਸ਼ਵ ਰਿਕਾਰਡ ਵੀ ਬਟਾਲੇ ਦੇ ਵੀ ਨੌਜਵਾਨ ਜਗਜੀਤ ਸਿੰਘ ਸੋਨੂੰ ਨੇ ਬਣਾਇਆ ਸੀ।
ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰ ਰਹੇ ਅੰਮਿਤਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ 31 ਦਸਬੰਰ 2022 ਤੋਂ ਸਵੇਰੇ 11 ਵਜੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰ ਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤੱਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰ ਕੇ ਇਹ ਰਿਕਾਰਡ ਕਾਇਮ ਕੀਤਾ ਹੈ ਅਤੇ ਉਹ ਹੁਣ ‘ਲਿਮਕਾ ਬੁੱਕ’ ਤੇ ‘ਵਰਲਡ ਬੁੱਕ ਆਫ ਗਿੰਨੀਜ਼’ ’ਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ।
ਇਸ ਤੋਂ ਇਲਾਵਾ 17 ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਨੂਪ ਸਿੰਘ ਤੇ ਭਾਈ ਪਲਵਿੰਦਰ ਸਿੰਘ ਨਾਲ ਸੇਵਾ ਨਿਭਾਉਂਦਾ ਆ ਰਿਹਾ ਹੈ। ਇਸ ਕਾਰਜ ’ਚ ਉਸਦੇ ਮਾਤਾ-ਪਿਤਾ ਨੇ ਪੂਰਾ ਸਹਿਯੋਗ ਦਿੱਤਾ ਹੈ ਤੇ ਹਮੇਸ਼ਾ ਉਹ ਇਸ ਪ੍ਰਾਪਤੀ ਲਈ ਪੇ੍ਰਰਿਤ ਕਰਦੇ ਰਹੇ ਹਨ।