Corona Virus
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ

ਅੰਮ੍ਰਿਤਸਰ, 8 ਅਪ੍ਰੈਲ : ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਦੋ ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ ਲਿਆ ਹੈ। ਅੱਜ ਉਕਤ ਫੈਸਲਾ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਮੇਅਰ ਸ. ਕਰਮਜੀਤ ਸਿੰਘ ਰਿੰਟੂ, ਮੁੱਖ ਮੰਤਰੀ ਦੇ ਓ. ਐਸ. ਡੀ. ਸੰਦੀਪ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਕਾਰਪੋਰੇਸ਼ਨ ਕੋਮਲ ਮਿੱਤਲ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਵੱਲੋਂ ਕੋਰੋਨਾ ਵਾਇਰਸ ਦੇ ਮਾਮਲੇ ਉਤੇ ਪੈਦਾ ਹੋਏ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਵਿਸਥਾਰਤ ਮੀਟਿੰਗ ਵਿਚ ਲਿਆ ਗਿਆ।
ਸ. ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਭਾਵੇਂ ਸ਼ਹਿਰ ਵਿੱਚ ਸਥਿਤੀ ਖਤਰਨਾਕ ਨਹੀਂ, ਪਰ ਵਾਇਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਸ਼ਹਿਰ ਦੇ ਹਰ ਸ਼ਹਿਰ ਵਾਸੀ ਦੀ ਸਿਹਤ ਦੀ ਜਾਂਚ ਹੋਵੇ, ਤਾਂ ਜੋ ਕੋਰੋਨਾ ਪੀੜਤ ਵਿਅਕਤੀ ਦਾ ਇਲਾਜ ਬਿਮਾਰੀ ਦੇ ਪਹਿਲੇ ਪੜਾਅ ਵਿਚ ਹੀ ਹੋ ਸਕੇ। ਉਨਾਂ ਕਿਹਾ ਕਿ ਸ਼ਹਿਰ ਵਿਚ ਉਕਤ ਬਿਮਾਰੀ ਕਾਰਨ ਹੋਈਆਂ ਮੌਤਾਂ ਅਤੇ ਕੋਰੋਨਾ ਦੇ ਪਾਜ਼ੀਟਵ ਆਏ ਵਿਅਕਤੀਆਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਖੇਤਰਾਂ ਦੀ ਜਾਂਚ ਪਹਿਲ ਦੇ ਅਧਾਰ ਉਤੇ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਸ ਪਹਿਲ ਕਦਮੀ ਲਈ ਸਿਹਤ ਵਿਭਾਗ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਹਦਾਇਤ ਕਰਦੇ ਕਿਹਾ ਕਿ ਤੁਸੀਂ ਪਾਇਲਟ ਪ੍ਰਾਜੈਕਟ ਵਜੋਂ ਕ੍ਰਿਸ਼ਨਾ ਨਗਰ ਤੇ ਸੁਲਤਾਨਵਿੰਡ ਦੇ ਉਹ ਇਲਾਕੇ ਲਵੋ, ਜਿੱਥੇ ਕੋਰੋਨਾ ਪਾਜ਼ੀਟਵ ਵਿਅਕਤੀ ਮਿਲੇ ਹਨ। ਉਨਾਂ ਕਿਹਾ ਕਿ ਉਕਤ ਇਲਾਕੇ ਦੇ ਹਰ ਘਰ ਵਿਚ ਜਾ ਕੇ ਹਰੇਕ ਨਾਗਰਿਕ ਦੀ ਸਿਹਤ ਦੀ ਜਾਂਚ ਕੀਤੀ ਜਾਵੇ ਅਤੇ ਜਿਸ ਵੀ ਵਿਅਕਤੀ ਵਿਚ ਕੋਵਿਡ 19 ਦੇ ਲੱਛਣ ਮਿਲਣ, ਉਸਦਾ ਟੈਸਟ ਕਰਵਾਇਆ ਜਾਵੇ। ਇਸ ਤਰਾਂ ਜਿੱਥੇ ਪੀੜਤ ਵਿਅਕਤੀਆਂ ਦਾ ਇਲਾਜ ਹੋ ਸਕੇਗਾ, ਉਥੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ।