Corona Virus
ਅਮਰੀਕੀ ਡਾਕਟਰ ਦੇ ਇੱਕ ਪ੍ਰਯੋਗ ਕਾਰਨ ਕੋਰੋਨਾ ਦੇ ਇਲਾਜ ਦੀ ਉਮੀਦ ਜਾਗੀ

ਵਾਸ਼ਿੰਗਟਨ: 16 ਅਪ੍ਰੈਲ : ਦੁਨੀਆਂ ਭਰ ਦੇ ਵਿਗਿਆਨੀ ਦਿਨ-ਰਾਤ ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ’ਚ ਜੁਟੇ ਹੋਏ ਹਨ। ਅਮਰੀਕਾ ਦੇ ਇੱਕ ਡਾਕਟਰ ਹੂਮਾਨ ਪੂਅਰ ਦੇ ਇੱਕ ਪ੍ਰਯੋਗ ਨਾਲ ਇਸ ਦਾ ਇਲਾਜ ਜਲਦੀ ਲੱਭਣ ਦੀ ਉਮੀਦ ਬੱਝੀ ਹੈ। ਦਰਅਸਲ ਕੁੱਝ ਦਿਨ ਪਹਿਲਾਂ ਨਿਊਯਾਰਕ ਦੇ ਇੱਕ ਹਸਪਤਾਲ ’ਚ ਕੋਰੋਨਾਵਾਇਰਸ ਨਾਲ ਪੀੜਤ ਇੱਕ ਮਹਿਲਾ ਮਰਨ ਕੰਢੇ ਸੀ। ਡਾਕਟਰਾਂ ਵੱਲੋਂ ਅਪਣਾਏ ਗਏ ਸਾਰੇ ਤਰੀਕੇ ਅਸਫ਼ਲ ਹੋ ਗਏ ਸਨ ਅਤੇ ਡਾਕਟਰ ਉਸਦੇ ਪਤੀ ਨੂੰ ਮੌਤ ਦੀ ਖ਼ਬਰ ਦੇਣ ਵਾਲੇ ਸਨ। ਉਸੇ ਵੇਲੇ ਫੇਫੜਿਆਂ ਦੇ ਡਾਕਟਰ ਹੂਮਾਨ ਪੂਅਰ ਨੇ ਮਹਿਲਾ ਨੂੰ ਬਚਾਉਣ ਲਈ ਇੱਕ ਪ੍ਰਯੋਗ ਕਰਨ ਦਾ ਰਿਸਕ ਲਿਆ।
ਡਾਕਟਰ ਹੂਮਾਨ ਪੂਅਰ ਨੇ ਪੀੜਤ ਔਰਤ ਨੂੰ ਖੂਨ ਦਾ ਥੱਕਾ ਖਤਮ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਟੀ.ਪੀ.ਏ. ਦਾ ਟੀਕਾ ਲਗਾ ਦਿੱਤਾ ਅਤੇ ਟੀਕਾ ਲੱਗਣ ਦੇ 20 ਮਿੰਟ ਬਾਅਦ ਹੀ ਔਰਤ ਦੇ ਸਾਹ ਚੱਲਣ ਲੱਗੇ। ਕੁੱਝ ਦੇਰ ਬਾਅਦ ਹੀ ਔਰਤ ਦੀ ਹਾਲਤ ਫਿਰ ਖਰਾਬ ਹੋਣ ਲੱਗੀ। ਇਸ ਤੋਂ ਬਾਅਦ ਉਹਨਾਂ ਨੇ ਪੀੜਤ ਮਹਿਲਾ ਨੂੰ ਘੱਟ ਡੋਜ਼ ਵਾਲੀ ਟੀ.ਪੀ.ਏ. ਡ੍ਰਿਪ ਲਗਾ ਦਿੱਤੀ। ਕੁੱਝ ਦੇਰ ਲਈ ਮੁੜ ਤੋਂ ਔਰਤ ਦੀ ਹਾਲਤ ’ਚ ਸੁਧਾਰ ਆਇਆ। ਪਰ ਬੀਤੇ ਦਿਨੀਂ ਔਰਤ ਦੀ ਮੌਤ ਹੋ ਗਈ। ਪਰ ਇਸ ਪੂਰੇ ਘਟਨਾਕ੍ਰਮ ਨੇ ਡਾਕਟਰਾਂ ਨੂੰ ਇਨਫੈਕਸ਼ਨ ਦਾ ਇਕ ਹੋਰ ਪਹਿਲੂ ਸਮਝਣ ਦਾ ਮੌਕਾ ਦਿੱਤਾ।
ਡਾਕਟਰ ਪੂਅਰ ਦਾ ਕਹਿਣਾ ਹੈ, ‘‘ਉਹ ਔਰਤ ਜਿਸ ਸਥਿਤੀ ਵਿਚ ਪਹੁੰਚ ਚੁੱਕੀ ਸੀ ਉਸ ਸਮੇਂ ਮੇਰੇ ਕੋਲ ਗਵਾਉਣ ਲਈ ਕੁਝ ਨਹੀਂ ਸੀ। ਮੈਂ ਹੁਣ ਤੱਕ 5 ਮਰੀਜ਼ਾਂ ‘ਤੇ ਇਹ ਇਲਾਜ ਦਾ ਤਰੀਕਾ ਵਰਤਿਆ ਹੈ, ਇਸ ਨਾਲ ਇਲਾਜ ਦੀਆਂ ਸੰਭਾਵਨਾਵਾਂ ਜ਼ਰੂਰ ਪੈਦਾ ਹੋਈਆਂ ਹਨ।’’