Connect with us

Punjab

ਕੱਪੜੇ ਇਸਤਰੀ ਕਰਦੇ ਸਮੇਂ ਮਾਸੂਮ ਬੱਚੀ ਦੀ ਗਈ ਜਾਨ

Published

on

PUNJAB : ਲੁਧਿਆਣਾ ‘ਚ ਇੱਕ ਨਾਬਾਲਗ ਲੜਕੀ ਨਾਲ ਘਰ ਵਿਚ ਹਾਦਸਾ ਵਾਪਰ ਗਿਆ ਹੈ | ਬੀਤੀ ਰਾਤ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਨਾਬਾਲਗ ਲੜਕੀ ਦੀ ਮੌਤ ਹੋ ਗਈ। ਲੜਕੀ ਆਪਣੀ ਸਕੂਲੀ ਡਰੈੱਸ ਇਸਤਰੀ ਕਰ ਰਹੀ ਸੀ। ਇਸਤਰੀ ਕਰਨ ਤੋਂ ਬਾਅਦ ਉਹ ਕੱਪੜੇ ਲੋਹੇ ਦੀ ਅਲਮਾਰੀ ‘ਤੇ ਰੱਖਣ ਲੱਗੀ ਤਾਂ ਉਸ ਨੂੰ ਕਰੰਟ ਦਾ ਝਟਕਾ ਲੱਗ ਗਿਆ । ਜਿਸ ਕਾਰਨ ਉਹ ਕਈ ਫੁੱਟ ਦੂਰ ਜਾ ਡਿੱਗੀ। ਇਸ ਤੋਂ ਪਹਿਲਾਂ ਕਿ ਪਰਿਵਾਰਕ ਮੈਂਬਰ ਕੁਝ ਸਮਝ ਪਾਉਂਦੇ, ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਮੇਹਰਬਾਨ ਇਲਾਕੇ ‘ਚ ਵਾਪਰੀ ਹੈ । ਕੁੜੀ ਦੀ ਉਮਰ ਸਿਰਫ਼ 12 ਸਾਲ ਸੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਅਤੇ ਥਾਣਾ ਮੇਹਰਬਾਨ ਦੀ ਪੁਲਿਸ ਨੂੰ ਸੂਚਨਾ ਦਿੱਤੀ।

ਕੀ ਹੈ ਮੌਤ ਦਾ ਕਾਰਨ ?

ਮ੍ਰਿਤਕ ਲੜਕੀ ਦੀ ਪਛਾਣ ਮੇਹਰਬਾਨ ਇਲਾਕੇ ਦੀ ਧਰਮਪੁਰਾ ਕਲੋਨੀ ਵਾਸੀ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਮੁਤਾਬਕ ਲਕਸ਼ਮੀ ਘਰ ਵਿੱਚ ਲੋਹੇ ਦੀ ਅਲਮਾਰੀ ’ਤੇ ਕੱਪੜੇ ਇਸਤਰੀ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਉਹ ਕੁਝ ਦੂਰ ਹੀ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਕਸ਼ਮੀ 7ਵੀਂ ਜਮਾਤ ਦੀ ਵਿਦਿਆਰਥਣ ਸੀ। ਲਕਸ਼ਮੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।