Connect with us

Punjab

ਅਨਮੋਲ ਗਗਨ ਮਾਨ ਵੱਲੋਂ 6ਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2022 ਦਾ ਆਗਾਜ

Published

on

ਚੰਡੀਗੜ :

ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਚੰਡੀਗੜ ਦੀ ਸੁਖਨਾ ਝੀਲ ਵਿਖੇ 6ਵੇਂ ਮਿਲਟਰੀ ਲਿਟਰੇਚਰ ਫੈਸਟੀਵਲ -2022 ਦਾ ਆਗਾਜ ਕੀਤਾ ਗਿਆ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਹਥਿਆਰਬੰਦ ਬਲਾਂ ਦੀਆਂ ਸੇਵਾਵਾਂ ਨੂੰ ਮਨਾਉਣ ਲਈ ਇਹ ਫੈਸਟੀਵਲ, ਪੰਜਾਬ ਸਰਕਾਰ, ਪੱਛਮੀ ਕਮਾਂਡ ਅਤੇ ਚੰਡੀਗੜ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ‘ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸ਼ੀਏਸ਼ਨ’ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਇਹ ਫੈਸਟੀਵਲ ਦੀ ਥੀਮ ‘ਦ ਆਰਮਡ ਫੋਰਸਿਜ਼: 75 ਸਾਲਾਂ ਤੱਕ ਆਜ਼ਾਦ ਭਾਰਤ ਦੀ ਸੇਵਾ’ ਅਧੀਨ ਮਨਾਇਆ ਜਾ ਰਿਹਾ ਹੈ। ਇਹ ਫੈਸਟੀਵਲ 4 ਦਸੰਬਰ ਤੱਕ ਚੱਲੇਗਾ।  ਇਸ ਮੌਕੇ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀਐਸ ਸ਼ੇਰਗਿੱਲ (ਸੇਵਾਮੁਕਤ),  ਜੀਓਸੀ-ਇੰਨ-ਸੀ ਵੈਸਟਰਨ ਕਮਾਂਡ ਲੈਫਟੀਨੈਂਟ ਜਨਰਲ ਨਵ ਕੇ ਖੰਡੂਰੀ ਅਤੇ ਮੇਜਰ ਜਨਰਲ ਓਪਰੇਸ਼ਨਸ ਵੈਸਟਰਨ ਕਮਾਂਡ ਸੰਦੀਪ ਸਿੰਘ ਵਿਸ਼ੇਸ ਤੌਰ ਤੇ ਹਾਜਰ ਸਨ ।

ਇਸ ਮੌਕੇ ਮਿਲਟਰੀ ਦੇ ਨੌਜਵਾਨਾ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਉਦੇਸ਼ ਸਰਹੱਦਾਂ ‘ਤੇ ਲੜਨ ਵਾਲੇ ਬਹਾਦਰਾਂ ਦੀ ਅੰਤਿਮ ਕੁਰਬਾਨੀ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਦੀ ਸੇਵਾ ਕੀਤੀ । ਉਨ੍ਹਾਂ ਕਿਹਾ ਕਿ ਫੌਜੀ ਯੋਧਿਆਂ ਵੱਲੋਂ ਦੇਸ਼ ਦੀ ਸੁਰੱਖਿਆ ਲਈ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਕਿਹਾ ਕਿ ਪੰਜਾਬ ਸੁਰਮਿਆਂ ਦੀ ਧਰਤੀ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਥੋਂ ਦੇ ਯੋਧਿਆਂ ਨੇ ਪੰਜਾਬ ਨੂੰ ਕਦੇ ਲੁੱਟਣ ਨਹੀਂ ਦਿੱਤਾ। ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਨੇ ਹਮੇਸ਼ਾ ਜੰਗ ਦੇ ਮੋਰਚਿਆਂ ‘ਤੇ ਬੇਮਿਸਾਲ ਬਹਾਦਰੀ ਦਿਖਾਈ ਹੈ ਅਤੇ ਦੇਸ਼ ਅਤੇ ਅਣਖ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਨੇ ਨਵੀਂ ਪੀੜੀ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਜ਼ਰੂਰ ਪਾਉਣ।

ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਯੋਧਿਆਂ ਦੀ ਧਰਤੀ ਹੈ ਪੰਜਾਬ ਦੇ ਯੋਧਿਆਂ ਨੇ ਹਮੇਸ਼ਾ ਜੁਰਮ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜੀ ਜਵਾਨ ਦੇਸ਼ ਦੀ ਰਾਖੀ ਕਰਦੇ ਹਨ ਤਾਂ ਹੀ ਭਾਰਤ ਦੇਸ਼ ਦਾ ਹਰੇਕ ਨਾਗਰਿਕ ਸੁਖ ਦਾ ਜੀਵਨ ਬਿਤਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਫੌਜੀਆਂ ਵੱਲੋਂ ਕੀਤੀ ਜਾ ਰਹੀ ਦੇਸ ਦੀ ਸੇਵਾ ਸਾਡੇ ਲਈ ਮਾਣ ਦੀ ਗੱਲ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਹਮੇਸ਼ਾਂ ਫੌਜੀ ਜਵਾਨਾ ਦੀ ਹਰ ਸੰਭਵ ਸਹਾਇਤਾ ਲਈ ਉਨ੍ਹਾਂ ਨਾਲ ਖੜੀ ਹੈ।