Punjab
ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇਕ ਹੋਰ ਪਰਿਵਾਰ
ਬਠਿੰਡਾ : ਜ਼ਿਲ੍ਹਾ ਬਠਿੰਡਾ ਅੰਦਰ ਨਸ਼ੇ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਪਿਛਲੇ ਪੰਦਰਾਂ ਦਿਨਾਂ ਵਿੱਚ ਚਿੱਟੇ ਕਾਰਨ ਛੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਤਾਜ਼ਾ ਮਾਮਲਾ ਅੱਜ ਸਵੇਰ ਸਾਰ ਠੰਢੀ ਸੜਕ ਤੇ ਦੇਖਣ ਨੂੰ ਮਿਲਿਆ ਜਿਥੇ ਕਾਰ ਵਿਚ ਸਵਾਰ ਨੌਜਵਾਨ ਮ੍ਰਿਤਕ ਹਾਲਤ ਵਿੱਚ ਵੇਖਿਆ ਗਿਆ ਜਿਸ ਨੇ ਚਿੱਟੇ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਓਵਰਡੋਜ਼ ਹੀ ਉਸਦੀ ਮੌਤ ਦਾ ਕਾਰਨ ਬਣਿਆ, ਜਿਸਦੀ ਸੂਚਨਾ ਮਿਲਣ ਤੇ ਥਾਣਾ ਕੈਨਾਲ ਪੁਲਸ ਅਤੇ ਸਹਾਰਾ ਜਨਸੇਵਾ ਦੇ ਵਰਕਰ ਪਹੁੰਚੇ ਅਤੇ ਇਸ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੈਨਾਲ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਠੰਡੀ ਸੜਕ ਤੇ ਇਕ ਕਾਰ ਵਿਚ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚ ਕੇ ਉਕਤ ਨੌਜਵਾਨ ਦੀ ਲਾਸ਼ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਦੁਆਰਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਇਹ ਪੋਸਟ ਮਾਰਟਮ ਰਿਪੋਰਟ ਤੋਂ ਹੀ ਪਤਾ ਚੱਲੇਗਾ। ਸਹਾਰਾ ਜਨ ਸੇਵਾ ਦੇ ਵਰਕਰ ਮਨੀ ਕਰਨ ਸ਼ਰਮਾ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਹਾਰਟ ਅਟੈਕ ਹੋਇਆ ਜਾਪਦਾ ਹੈ ਜਿਸ ਕਾਰਨ ਉਹ ਕਾਰ ਦੀ ਡਰਾਈਵਰ ਸੀਟ ਤੋਂ ਡਿੱਗਿਆ ਹੋਇਆ ਮਿਲਿਆ ਕੋਈ ਸ਼ੱਕ ਹੈ ਕਿ ਉਕਤ ਨੌਜਵਾਨ ਨੇ ਚਿੱਟੇ ਦਾ ਨਸ਼ਾ ਕੀਤਾ ਹੋਇਆ ਸੀ।
ਦੂਜੇ ਪਾਸੇ ਮ੍ਰਿਤਕ ਨੌਜਵਾਨ ਰੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੱਲ੍ਹ ਦੁਪਹਿਰ ਤੋਂ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ ਜਿਸ ਦੀ ਭਾਲ ਜਾਰੀ ਸੀ ਅਤੇ ਅੱਜ ਸੂਚਨਾ ਮਿਲੀ ਕਿ ਉਸਦੀ ਕਾਰ ਠੰਢੀ ਸੜਕ ਤੇ ਖੜ੍ਹੀ ਹੈ ਅਤੇ ਉਸ ਵਿੱਚ ਉਹ ਮ੍ਰਿਤਕ ਪਿਆ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤੈਨਾਤ ਡਾ ਪ੍ਰਨੀਤ ਕੌਰ ਨੇ ਕਿਹਾ ਕਿ ਸਹਾਰਾ ਜਨ ਸੇਵਾ ਵਲੋਂ ਇਕ ਡੈੱਡ ਬੌਡੀ ਲਿਆਂਦੀ ਗਈ ਹੈ ਜਿਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਕਤ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਬਠਿੰਡਾ ਵਿੱਚ ਪੰਦਰਾਂ ਦਿਨਾਂ ਵਿੱਚ ਕਰੀਬ ਛੇ ਨੌਜਵਾਨਾਂ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਸਮੱਗਲਰਾਂ ਤੇ ਨੱਥ ਪਾਉਣ ਲਈ ਫੇਲ੍ਹ ਸਾਬਤ ਹੋ ਰਿਹਾ ਹੈ।