Punjab
ਮਾਂ ਬੋਲੀ ਦਾ ਘਾਣ ਤੇ ਸ਼ਰਾਬ ਦੀ ਮਸ਼ਹੂਰੀ ਦਾ ਦੂਜਾ ਨਾਮ ਯਾਰ ਅਣਮੁੱਲੇ ਰਿਟਰਨਸ
ਚੰਡੀਗੜ੍ਹ (ਬਲਜੀਤ ਮਰਵਾਹਾ) : ਯਾਰ ਅਣਮੁੱਲੇ ਤੋਂ ਇੱਕ ਦਹਾਕੇ ਬਾਅਦ ਆਈ ਫ਼ਿਲਮ ਯਾਰ ਅਣਮੁੱਲੇ ਰਿਟਰਨਸ ਨੂੰ ਕੋਰੋਨਾ ਕਾੱਲ ਦੇ ਚੱਕਰ ਵਿੱਚ ਤੈਅਸ਼ੁਦਾ ਸਮੇਂ ਤੋਂ ਡੇਢ ਸਾਲ ਬਾਅਦ ਹੁਣ ਰਿਲੀਜ਼ ਕੀਤਾ ਗਿਆ ਹੈ। ਸ਼ਾਇਦ ਇਸ ਕਰਕੇ ਫ਼ਿਲਮ ਨੂੰ ਦਰਸ਼ਕ ਮਿਲ਼ ਜਾਣ ਯਾ ਫਿਰ ਹਾਲ ਹੀ ਵਿੱਚ ਸਿਨੇਮਾ ਦਾ ਖੁੱਲਣਾ ਇਸ ਨੂੰ ਦੇਖਣ ਦੀ ਇੱਕ ਵਜ਼ਾ ਬਣ ਸਕਦੀ ਹੈ। ਫਿਲਮ 21ਵੀਂ ਸਦੀ ਵਿੱਚ ਯਾਰੀ ਦੀ ਕਹਾਣੀ ਹੈ। ਟਿੰਕੇ ਦੇ ਫੱਸਣ ਤੇ ਹਰ ਵੇਲੇ ਯਾਰਾਂ ਨੂੰ ਲੋਕੇਸ਼ਨ ਭੇਜਣੀ , ਚੰਗੀ ਸਕਰਿਪਟ ਦੀ ਨਿਸ਼ਾਨੀ ਹੈ।
ਟਿੰਕੇ ਦੇ ਭਤੀਜਿਆਂ ਦੇ ਨਾਮ ਉਸਦੇ ਦੋਸਤਾਂ ਦੀਪ,ਗੁਰੀ ਦੇ ਨਾਮ ਤੇ ਰੱਖਣਾ ਵੀ ਭਾਵੁਕ ਕਰਦਾ ਹੈ। ਯਾਰੀ ਟੁੱਟਣ ਦਾ ਕਾਰਨ ਟਿੰਕੇ ਨੂੰ ਇੱਕ ਕੁੜੀ ਨਾਲ ਕਲਾਸ ਰੂਮ ਵਿੱਚ ਦੇਖਣਾ ਹੈ। ਜੋ ਫਿਲਮ ਦੇ ਕਮਜ਼ੋਰ ਹੋਣ ਦਾ ਆਧਾਰ ਹੈ। ਜਦੋਂ ਸਾਰੇ ਦੋਸਤ ਇਹ ਸਭ ਵੇਖਦੇ ਹਨ ਤਾਂ ਟਿੰਕੇ ਨੂੰ ਕੋਈ ਇਹ ਨਹੀਂ ਪੁੱਛਦਾ ਕਿ ਇਸਦੀ ਸੱਚਾਈ ਕੀ ਹੈ। ਸਾਰੇ ਚਾਰ ਸਾਲ ਲਈ ਅਲੱਗ ਹੋ ਜਾਂਦੇ ਹਨ। ਕਮਜ਼ੋਰ ਪਟਕਥਾ ਦਾ ਸੰਕੇਤ ਇਹ ਵੀ ਹੈ ਕਿ ਕਾਲਜ਼ ਵਿੱਚ ਉਹਨਾਂ ਦੀ ਪੜ੍ਹਾਈ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਵੀ ਨਹੀਂ ਦੱਸਿਆ ਗਿਆ।
ਸ਼ਰਾਬ ਦੀ ਬੇਲੋੜੀ ਮਸ਼ਹੂਰੀ ਬਿਨਾਂ ਵਜ੍ਹਾ ਹੱਦ ਤੋਂ ਵੱਧ ਕੀਤੀ ਗਈ ਹੈ। ਗੀਤ, ਸੰਗੀਤ ਚੰਗਾ ਹੈ। ਭਾਊ ਖੜ੍ਹਾ ਹੈ ਡਾਇਲਾਗ ਵਧੀਆ ਹੈ। ਪਹਿਲੀ ਫ਼ਿਲਮ ਦੀ ਹੀਰੋਇਨਾਂ ਵੀ ਜੇ ਸੀਕਵਲ ਵਿੱਚ ਆਉਂਦੀਆਂ ਤਾਂ ਹੋਰ ਚੰਗਾ ਹੁੰਦਾ। ਰਾਣਾ ਜੰਗ ਬਹਾਦਰ ਦੀ ਮੈਂ ਗਰਮ ਚੀਜ਼ ਨਹੀਂ ਖਾ ਸਕਦਾ , ਜਬਰੀ ਵਾੜਿਆ ਗਿਆ ਹਾਸਾ ਹੈ। ਸਭ ਤੋਂ ਵੱਡੀ ਲਾਪਰਵਾਹੀ ਪੰਜਾਬ ਵਿੱਚ ਬਣੀ, ਪੰਜਾਬੀਆਂ ਵੱਲੋਂ ਬਣਾਈ ਫਿਲਮ ਦੀ ਸਮਾਪਤੀ ਵੇਲੇ ਦੀ ਨੰਬਰਿੰਗ ਨੇ ਜ਼ਰੂਰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਕਰਾਈ।
ਗੂਗਲ ਟਰਾਂਸਲੇਟਰ ਨੇ ਪੰਜਾਬੀ ਵਿੱਚ ਲਿਖੇ ਨਾਮਾਂ ਦਾ ਸੱਤਿਆਨਾਸ਼ ਕਰ ਦਿੱਤਾ। ਜੇ ਕਿਤੇ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਜਾਂ ਕੋਈ ਮਾਂ ਬੋਲੀ ਦਾ ਹਿਤੈਸ਼ੀ ਇਹ ਫ਼ਿਲਮ ਵੇਖ ਲਏ ਨਿਰਮਾਤਾ ਨੂੰ ਜੁਰਮਾਨਾ ਲੱਗਣਾ ਤੇ ਉਹਦੇ ਘਰ ਦੇ ਬਾਹਰ ਧਰਨਾ ਲੱਗਣਾ ਤੈਅ ਹੈ। ਕੁੱਲ ਮਿਲਾ ਕੇ ਇਸ ਪਿੱਕਚਰ ਨੂੰ 10 ਵਿੱਚੋਂ 4 ਨੰਬਰ ਜਾਇਜ਼ ਹਨ।