Connect with us

Punjab

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ 30 ਸਤੰਬਰ ਤੱਕ ਕੀਤਾ ਜਾ ਸਕਦੇ ਅਪਲਾਈ

Published

on

ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਜ਼ੀਫਾ ਲੈਣ ਦੇ ਚਾਹਵਾਨ ਵਿਦਿਆਰਥੀ 30 ਸਤੰਬਰ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।


ਉਨ੍ਹਾਂ ਇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿੱਚ ਉਚੇਰੀ ਵਿੱਦਿਆ ਲੈਣ ਲਈ ਵਜ਼ੀਫ਼ੇ ਦੇ ਯੋਗ ਹਨ, ਉਹ ਵਿਦਿਆਰਥੀ ਮਾਰਚ 2021 ਰਾਹੀਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਡਾ. ਅੰਬੇਦਕਰ ਪੋਰਟਲ ‘ਤੇ ਫਰੀਸ਼ਿਪ ਕਾਰਡ ਆਨਲਾਈਨ ਅਪਲਾਈ ਕਰਨਗੇ।


ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਫ਼ਰੀਸ਼ਿਪ ਅਪਲਾਈ ਕਰਨ ਲਈ 2.50 ਲੱਖ ਰੁਪਏ ਤੋਂ ਘੱਟ ਸਲਾਨਾ ਆਮਦਨ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ (ਨਵੇਂ ਤੇ ਨਵਿਆਉਣਯੋਗ) ਵਿਦਿਆਰਥੀਆਂ ਲਈ ਭਲਾਈ ਵਿਭਾਗ ਦੀ ਵੈਬਸਾਈਟ www.scholarships.gov.in ‘ਤੇ ਡਾ. ਅੰਬੇਦਕਰ ਪੋਰਟਲ 30 ਸਤੰਬਰ 2021 ਤੱਕ ਖੋਲਿਆ ਗਿਆ ਹੈ। ਵਿਦਿਆਰਥੀਆਂ ਵੱਲੋਂ ਫ਼ਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ‘ਤੇ ਰਜਿਸਟਰ ਕਰਨ ਲਈ ਆਧਾਰ ਨੰਬਰ ਹੋਣਾ ਜ਼ਰੂਰੀ ਹੈ।

ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਸਮੇਂ ਫ਼ੋਟੋ, ਜਾਤੀ ਸਰਟੀਫਿਕੇਟ, ਤਹਿਸੀਲਦਾਰ ਵੱਲੋਂ ਜਾਰੀ ਆਮਦਨ ਸਰਟੀਫਿਕੇਟ (ਕੇਵਲ ਨਵੇਂ ਵਿਦਿਆਰਥੀਆਂ ਲਈ) ਅਤੇ ਪਿਛਲੀ ਕਲਾਸ ਦੇ ਡੀ.ਐਮ.ਸੀ ਜਾਂ ਡਿਗਰੀ ਸਰਟੀਫਿਕੇਟ ਵੀ ਅੱਪਲੋਡ ਕੀਤੇ ਜਾਣਗੇ। ਅਪਲਾਈ ਹੋਣ ਤੋਂ ਬਾਅਦ ਯੋਗ ਵਿਦਿਆਰਥੀ ਆਪਣਾ ਫ਼ਰੀਸ਼ਿਪ ਕਾਰਡ ਪੋਰਟਲ ਤੋਂ ਡਾਊਨਲੋਡ ਕਰਕੇ ਜਿਸ ਸੰਸਥਾ ਵਿੱਚ ਪੜ੍ਹ ਰਹੇ ਹਨ ਜਾਂ ਦਾਖਲਾ ਲੈਣਾ ਹੈ, ਵਿਖੇ ਜਮ੍ਹਾਂ ਕਰਵਾਉਣਗੇ।


ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਸੰਸਥਾ ਵਿਖੇ ਬਣੇ ਸਹਾਇਤਾ ਕੇਂਦਰ ਜਾਂ ਆਪਣੀ ਤਹਿਸੀਲ ਦੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।