Uncategorized
ਫ਼ੌਜ ਦੇ ਵੱਡੇ ਅਫ਼ਸਰ ‘ਤੇ ਪਤਨੀ ਵੱਲੋਂ ਜਬਰ-ਜ਼ਿਨਾਹ ਦਾ ਲਗਾਇਆ ਦੋਸ਼
ਮੁੱਲਾਂਪੁਰ ਦਾਖਾ ਵਿਚ ਫ਼ੌਜ ਦੇ ਵੱਡੇ ਅਫ਼ਸਰ ‘ਤੇ ਪਤਨੀ ਵੱਲੋਂ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਥਾਣਾ ਦਾਖਾ ਦੀ ਪੁਲਸ ਨੇ ਪਤਨੀ ਦੇ ਬਿਆਨਾਂ ’ਤੇ ਨਿਤਿਨ ਸ਼ਰਮਾ ਪੁੱਤਰ ਮਨੋਹਰ ਲਾਲ ਸ਼ਰਮਾ ਵਾਸੀ ਸਵਾਸਤਿਕ ਵਿਹਾਰ ਜ਼ੀਰਕਪੁਰ, ਮੋਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਪੁਲਿਸ ਦੀ ਜਾਂਚ ਮੁਤਾਬਿਕ ਪਤਾ ਲੱਗਿਆ ਕਿ ਪੀੜਤ ਪਤਨੀ ਨੇ ਦੋਸ਼ ਲਗਾਇਆ ਕਿ ਮੇਰਾ ਵਿਆਹ ਦਸੰਬਰ ਵਿਚ ਨਿਤਿਨ ਸ਼ਰਮਾ ਨਾਲ ਹੋਇਆ ਸੀ। ਮੇਰਾ ਪਤੀ ਭਾਰਤੀ ਫ਼ੌਜ ’ਚ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਹੈ, ਜਿਨ੍ਹਾਂ ਦੀ ਹੁਣ ਡਿਊਟੀ ਆਰਮੀ ਕੈਂਪ ਬੱਦੋਵਾਲ ਵਿਖੇ ਹੈ। ਵਿਆਹ ਤੋਂ ਬਾਅਦ ਮੇਰੇ ਇਕ ਪੁੱਤਰ ਪੈਦਾ ਹੋਇਆ। ਵਿਆਹ ਤੋਂ ਕਰੀਬ 3 ਮਹੀਨੇ ਬਾਅਦ ਮੇਰਾ ਪਤੀ ਮੇਰੀ ਕੁੱਟਮਾਰ ਕਰਨ ਲੱਗ ਪਿਆ ਸੀ, ਅਤੇ ਕਹਿੰਦਾ ਸੀ ਕਿ ਮੈਂ ਫ਼ੌਜ ’ਚ ਵੱਡਾ ਅਫ਼ਸਰ ਹਾਂ ਅਤੇ ਮੇਰੀ ਹੈਸੀਅਤ ਅਨੁਸਾਰ ਤੇਰੇ ਮਾਂ-ਬਾਪ ਨੇ ਵਿਆਹ ’ਤੇ ਖ਼ਰਚ ਨਹੀਂ ਕੀਤਾ।
ਪਤਨੀ ਦਾ ਕਹਿਣਾ ਹੈ ਕਿ ਮੇਰਾ ਪਤੀ ਮੈਨੂੰ ਲਗਾਤਾਰ ਕੁੱਟਦਾ-ਮਾਰਦਾ ਕਰਦਾ ਸੀ, ਜਿਸ ਕਾਰਨ ਜੁਲਾਈ, 2019 ਤੋਂ ਮੈਂ ਆਪਣੇ ਪਤੀ ਤੋਂ ਤੰਗ ਹੋ ਕੇ ਸਮੇਤ ਆਪਣੇ ਬੇਟੇ ਦੇ ਆਪਣੇ ਪੇਕੇ ਘਰ ਖੰਨਾ ਰਹਿਣ ਲੱਗ ਪਈ ਸੀ। ਉਨ੍ਹਾਂ ਨੇ ਕਿਹਾ ਕਿ ਅਕਸਰ ਮੇਰਾ ਪਤੀ ਖੰਨਾ ਆ ਕੇ ਵੇਲੇ-ਕੁਵੇਲੇ ਘਰ ਤੋਂ ਬਾਹਰ ਆ ਕੇ ਬੇਟੇ ਨੂੰ ਮਿਲ ਜਾਂਦਾ ਸੀ। ਇਸ ਦੌਰਾਨ ਇਕ ਦਿਨ ਮੈਨੂੰ ਮੇਰੇ ਪਤੀ ਨੇ ਫੋਨ ਕਰ ਕੇ ਕਿਹਾ ਕਿ ਮੈਂ ਤੈਨੂੰ ਸਹਿਮਤੀ ਨਾਲ ਤਲਾਕ ਦੇ ਦੇਵਾਂਗਾ, ਤੂੰ ਇਕ ਵਾਰ ਵੈੱਲਕਮ ਪਾਰਟੀ ’ਚ ਬੱਦੋਵਾਲ ਕੈਂਪ ਆ ਜਾ। 10 ਅਪ੍ਰੈਲ ਨੂੰ ਮੈਂ ਆਪਣੇ ਬੇਟੇ ਨਾਲ ਮਿਲਟਰੀ ਕੈਂਪ ਵਿਚ ਪਾਰਟੀ ’ਤੇ ਆਈ ਅਤੇ ਪਾਰਟੀ ਅਟੈਂਡ ਕੀਤੀ। ਇਸ ਪਾਰਟੀ ਤੋਂ ਬਾਅਦ ਮੇਰਾ ਪਤੀ ਮੈਨੂੰ ਅਤੇ ਬੇਟੇ ਨੂੰ ਗੈਸਟ ਹਾਊਸ ਮਿਲਟਰੀ ਕੈਂਪ ਬੱਦੋਵਾਲ ਦੇ ਅੰਦਰ ਲੈ ਗਿਆ, ਜਿੱਥੇ ਮੇਰੇ ਪਤੀ ਨੇ ਮੇਰੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਕਿ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਇਕ ਵਾਰ ਮੇਰੇ ਪਤੀ ਨੇ ਮੇਰੀ ਸਹਿਮਤੀ ਤੋਂ ਬਿਨਾਂ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੇਰਾ ਮੂੰਹ ਬੰਦ ਕਰ ਕੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਕਿ ਤੇਰਾ ਬੁਰਾ ਹਸ਼ਰ ਹੋਵੇਗਾ। ਤੈਨੂੰ ਜਾਨੋਂ ਮਾਰ ਦੇਵਾਂਗਾ ਅਤੇ ਮੈਨੂੰ ਕਮਰੇ ’ਚੋਂ ਬਾਹਰ ਕੱਢ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।