punjab
ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਪ੍ਰਾਪੇਗੰਡਾ, ਬਰਦਾਨੇ ਦੀ ਥੁੜ ਸਬੰਧੀ ਖ਼ਬਰ ਆਸ਼ੂ ਵੱਲੋਂ ਮੁਢੋਂ ਰੱਦ
ਪੰਜਾਬ ਰਾਜ ਵਿਚ ਕਣਕ ਦੀ ਫ਼ਸਲ ਦੀ ਖਰੀਦ ਕਰ ਰਹੀਆਂ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਥੁੜ ਸਬੰਧੀ ਖ਼ਬਰ ਨੂੰ ਮੁੱਢੋਂ ਰੱਦ ਕਰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਕੋਲ ਬਾਰਦਾਨਾਂ ਭਰਪੂਰ ਮਾਤਰਾ ਵਿਚ ਉਪਲਬਧ ਹੈ ਜਿਸ ਸਦਕਾ ਮੰਡੀਆਂ ਵਿੱਚ ਬਾਰਦਾਨੇ ਦੀ ਥੁੜ ਨਹੀਂ ਹੈ।
ਬਾਰਦਾਨੇ ਦੀ ਖਰੀਦ ਸਬੰਧੀ ਟੈਂਡਰਿੰਗ ਦੀ ਕਾਰਵਾਈ ਲਗਾਤਾਰ ਚੱਲਣ ਵਾਲੀ ਪ੍ਰੀਕ੍ਰਿਆ ਹੈ ਜ਼ੋ ਕਿ ਸੀਜ਼ਨ ਤੋਂ ਕਾਫੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਕ ਟੈਂਡਰ ਰਾਹੀਂ ਲੋੜ ਪੈਣ ਤੇ ਪੂਰੀ ਮਾਤਰਾ ਵਿਚ ਬਾਰਦਾਨਾਂ ਮੁਹੱਈਆ ਕਰਵਾਉਣ ਦਾ ਭਰੋਸਾ ਨਹੀ ਕੀਤਾ ਜਾ ਸਕਦਾ। ਪੁਰਾਣਾ ਬਾਰਦਾਨਾਂ ਵਰਤਣ ਸਬੰਧੀ ਕੇਂਦਰ ਸਰਕਾਰ ਵਲੋ ਪ੍ਰਵਾਨਗੀ ਬਹੁਤ ਦੇਰੀ ਨਾਲ ਦਿੱਤੀ ਗਈ ਜਿਸ ਕਾਰਨ 12 ਅਪ੍ਰੈਲ ਨੂੰ ਟੈਂਡਰ ਜਾਰੀ ਕਰਨ ਦੀ ਲੋੜ ਪਈ ਸੀ । ਭਾਰਤ ਦੇ ਜੂਟ ਕਮਿਸ਼ਨ ਅਤੇ ਨੇਫ਼ਡ ਵਲੋਂ ਬਾਰਦਾਨੇ ਦੀਆਂ ਗੱਠਾਂ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ।
ਬਿਨ੍ਹਾਂ ਕਿਸੇ ਅਧਾਰ ਦੇ ਮੁੱਦਾ ਬਣਾ ਰਹੇ ਲੋਕਾਂ ਤੇ ਸ਼ਬਦੀ ਵਾਰ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਵਿਭਾਗ ਨੂੰ ਪੀ. ਪੀ. ਬੈਗਾਂ ਦੀ ਗੱਠਾ ਦੀ ਸਪਲਾਈ ਵੀ ਕਈ ਐਚ.ਡੀ.ਪੀ.ਈ. /ਪੀ.ਪੀ. ਬੈਗ ਸਪਲਾਈ ਕਰਨ ਵਾਲਿਆਂ ਤੋਂ ਲਗਾਤਾਰ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 12 ਅਪ੍ਰੈਲ 2021 ਨੂੰ ਪੰਜਾਬ ਸਰਕਾਰ ਨੂੰ ਵਧੀਆ ਗੁਣਵੱਤਾ ਵਾਲਾ ਪੁਰਾਣਾ ਬਾਰਦਾਨਾਂ ਨੂੰ ਵੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਕਣਕ ਖਰੀਦ ਦੀ ਪ੍ਰਕ੍ਰਿਆ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ 13 ਅਪ੍ਰੈਲ 2021 ਤੱਕ ਰਾਜ ਦੀਆਂ ਮੰਡੀਆਂ ਵਿੱਚ 5,44,334 ਮੀਟ੍ਰਿਕ ਟਨ ਕਣਕ ਦੀ ਫ਼ਸਲ ਦੀ ਖਰੀਦ ਕੀਤੀ ਗਈ ਹੈ ਜਿਸ ਵਿਚੋਂ 44,728 ਮੀਟ੍ਰਿਕ ਟਨ ਕਣਕ ਦੀ ਖਰੀਦ ਡੀ.ਸੀ.ਪੀ. ਅਧੀਨ ਕੀਤੀ ਗਈ ਹੈ ਜ਼ੋ ਕਿ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀ ਜਾਣੀ ਹੈ। ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਰਾਜ ਦੇ ਕਿਸਾਨਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਸੁਝਾਵਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਮੰਡੀਆਂ ਵਿੱਚ ਭੀੜ ਹੋਣ ਤੋਂ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜ਼ੋ ਮੰਡੀ ਬੋਰਡ ਵੱਲੋਂ ਜਾਰੀ ਪਾਸ ਅਨੁਸਾਰ ਕਿਸਾਨਾਂ ਆਪਣੀ ਫ਼ਸਲ ਨੂੰ ਮੰਡੀ ਲੈ ਕੇ ਆਉਣ ਅਤੇ ਕੋਵਿਡ 19 ਸਬੰਧੀ ਨਿਯਮਾਂ ਦੀ ਪਾਲਣਾ ਹੋ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪੰਜਾਬ ਰਾਜ ਦੇ ਕਿਸਾਨਾਂ ਨੂੰ ਪ੍ਰੇਸ਼ਾਨੀ ਰਹਿਤ ਖਰੀਦ ਮਾਹੋਲ ਦੇਣ ਦੇ ਵਾਅਦੇ, ਜਿਵੇਂ ਕਿ ਬੀਤੇ ਚਾਰ ਸਾਲ ਵਿੱਚ ਦਿੱਤਾ ਗਿਆ ਹੈ, ਨੂੰ ਮੁੜ ਦੁਹਰਾਉਂਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਲਈ 21,658.73 ਕਰੋੜ ਦੀ ਕੈਸ਼ ਕਰੈਡਿਟ ਲਿਮਟ ਪ੍ਰਾਪਤ ਹੋ ਚੁੱਕੀ ਹੈ ਅਤੇ ਖਰੀਦ ਸਬੰਧੀ ਅਦਾਇਗੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮੰਡੀਆਂ ਵਿਚੋਂ ਖ਼ਰੀਦੀ ਗਈ ਕਣਕ ਦੀ ਚੁਕਾਈ ਵੀ ਅਰਾਮ ਨਾਲ ਚੱਲ ਰਹੀ ਹੈ ਅਤੇ 13 ਅਪ੍ਰੈਲ 2021 ਤੱਕ 39285 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ ਜਦਕਿ ਇਸ ਦਿਨ ਤੱਕ ਚੁਕਾਈ ਦਾ ਟੀਚਾ (ਖਰੀਦ ਤੋਂ 72 ਘੰਟਿਆਂ ਵਿੱਚ) 2642 ਮੀਟ੍ਰਿਕ ਟਨ ਕਣਕ ਦੀ ਚੁਕਾਈ ਦਾ ਸੀ।
ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਹੱਲੇ ਨਾਲ ਬਣੇ ਹਾਲਾਤਾਂ ਕਰਕੇ ਸੂਬਾ ਸਰਕਾਰ ਟੋਕਨ ਪ੍ਰਣਾਲੀ ਲਾਗੂ ਕਰਕੇ ਫ਼ਸਲ ਦੀ ਪੜਾਅਵਾਰ ਖ਼ਰੀਦ ਨੂੰ ਯਕੀਨੀ ਬਣਾ ਰਹੀ ਹੈ ਅਤੇ ਕਣਕ ਦੀ ਆਮਦ ਦੇ ਅਨੁਸਾਰ ਹੀ ਮੰਡੀਆਂ ਵਿੱਚ ਗੱਠਾਂ/ਬੋਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬਾਰਦਾਨੇ ਦੀਆਂ ਗੱਠਾਂ/ਬੋਰੀਆਂ ਦੀ ਜਮ੍ਹਾਂਖੋਰੀ ਨੂੰ ਨੱਥ ਪਾਈ ਜਾ ਸਕੇ।