Punjab
ਪਟਿਆਲਾ ਜੇਲ੍ਹ ਦਾ ਸਹਾਇਕ ਸੁਪਰਡੈਂਟ ਮੁਅੱਤਲ, ਜੇਲ੍ਹ ‘ਚ ਕੈਦੀ ਨਾਲ ਛੇੜਛਾੜ ਤੇ ਪੈਸੇ ਮੰਗਣ ਦੇ ਲੱਗੇ ਦੋਸ਼

ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਦੇ ਇੱਕ ਕੈਦੀ ਨੇ ਦੋਸ਼ ਲਾਇਆ ਸੀ ਕਿ ਸਹਾਇਕ ਸੁਪਰਡੈਂਟ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ਕਾਰਨ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਦੀ ਜਾਂਚ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ, ਜਿਸ ਵਿੱਚ ਦੋਸ਼ ਸਹੀ ਸਾਬਤ ਹੋਣ ’ਤੇ ਸਹਾਇਕ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਸ਼ਾ ਤਸਕਰੀ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਜਾਖਲ ਵਾਸੀ ਇੱਕ ਕੈਦੀ ਵੱਲੋਂ ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਕੈਦੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੇ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਇਸ ਕੈਦੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਕਾਰਨ ਉਸ ਨੂੰ ਹਰ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਉਹ ਇਸ ਸਥਿਤੀ ਨੂੰ ਹੋਰ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਹੈ।