Punjab
ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਕੀਤੀ ਗਈ ਕੋਸ਼ਿਸ਼
ਪਿਛਲੇ ਕਾਫੀ ਸਮੇਂ ਤੋਂ ਸਲਮਾਨ ਖਾਨ ਦੀ ਜਾਨ ਨੂੰ ਖ਼ਤਰੇ ਵਾਲੀ ਖ਼ਬਰ ਆ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਰਾਤ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਉਸ ਦੇ ਪਿਤਾ ਫ਼ਿਲਮ ਲੇਖਕ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ਖ਼ਸ ਦੀ ਪਛਾਣ ਕਰ ਲਈ ਗਈ ਹੈ। ਸ਼ਖ਼ਸ ਦੀ ਪਛਾਣ ਗੈਂਗਸਟਰ ਲਾਰੈਂਸ ਬਿਸ਼ਨਈ ਦੇ ਕਰੀਬੀ ਵਿਕਰਮ ਬਰਾੜ ਦੇ ਰੂਪ ’ਚ ਹੋਈ ਹੈ।
ਇਸ ਐਲਾਨ ਤੋਂ ਤੁਰੰਤ ਬਾਅਦ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਟਾਈਮਜ਼ ਨਾਓ ਨੇ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਦਬੰਗ ਸਟਾਰ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਲਮਾਨ ’ਤੇ ਹਮਲਾ ਕਰਨ ਲਈ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੀ ਇਕ ਸ਼ਾਰਪ ਸ਼ੂਟਰ ਰੱਖਿਆ ਗਿਆ ਸੀ।
ਰਿਪੋਰਟ ਮੁਤਾਬਕ ਲਾਰੈਂਸ ਬਿਸ਼ਨੋਈ, ਜੋ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਸ਼ੱਕੀ ਹੈ, ਉਸ ਨੇ ਸਲਮਾਨ ਖ਼ਾਨ ਨੂੰ ਮਾਰਨ ਲਈ ਇਕ ਹਾਕੀ ਸਟਿੱਕ ਦੇ ਕਵਰ ਦੇ ਅੰਦਰ ਛੋਟੇ ਬੋਰ ਦੇ ਹਥਿਆਰ ਰੱਖੇ ਸਨ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਬਿਸ਼ਨੋਈ ਨੇ ਇਸ ਕੰਮ ਨੂੰ ਅੰਜਾਮ ਦੇਣ ਲਈ ਸ਼ਾਰਪ ਸ਼ੂਟਰ ਨੂੰ ਭੇਜਿਆ ਸੀ।
ਸਲਮਾਨ ਦੇ ਕਤਲ ਦੀ ਯੋਜਨਾ ਕਥਿਤ ਤੌਰ ’ਤੇ ਉਦੋਂ ਤੋਂ ਚੱਲ ਰਹੀ ਸੀ, ਜਦੋਂ ਸਲਮਾਨ ਇਕ ਪ੍ਰੋਗਰਾਮ ਲਈ ਆਪਣੇ ਘਰ ਤੋਂ ਨਿਕਲਣ ਵਾਲੇ ਸਨ। ਹਾਲਾਂਕਿ, ਉਸ ਇਲਾਕੇ ’ਚ ਵਾਧੂ ਪੁਲਿਸ ਮੁਲਾਜ਼ਮ ਹੋਣ ਦੇ ਚਲਦਿਆਂ ਸ਼ੂਟਰ ਜੋ ਸਲਮਾਨ ਖਾਨ ਨੂੰ ਮਾਰਨ ਆਏ ਸਨ, ਉਹ ਫੜੇ ਜਾਣ ਦੇ ਡਰ ਕਾਰਨ ਆਖਰੀ ਸਮੇਂ ’ਚ ਪਿੱਛੇ ਹੱਟ ਗਏ।
ਦੱਸਿਆ ਜਾ ਰਿਹਾ ਹੈ ਕਿ ਬਰਾੜ ਖ਼ਿਲਾਫ਼ ਕਈ ਸੂਬਿਆਂ ’ਚ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਮੁੰਬਈ ਪੁਲਿਸ ਨੂੰ ਬਿਸ਼ਨੋਈ ਗਿਰੋਹ ਦੀ ਮਿਲੀਭੁਗਤ ਦਾ ਸ਼ੱਕ ਸੀ ਤੇ ਸਾਵਧਾਨੀ ਦੇ ਤੌਰ ’ਤੇ ਗਲੈਕਸੀ ਅਪਾਰਟਮੈਂਟ, ਬਾਂਦਰਾ ਪੱਛਮੀ ’ਚ ਸੁਰੱਖਿਆ ਵਧਾ ਦਿੱਤੀ ਗਈ ਸੀ।
ਦੱਸ ਦੇਈਏ ਕਿ ਸਾਲ 1998 ’ਚ ਰਾਜਸਥਾਨ ’ਚ ਕਾਲਾ ਹਿਰਣ ਸ਼ਿਕਾਰ ਮਾਮਲੇ ’ਚ ਸਲਮਾਨ ’ਤੇ ਦੋਸ਼ ਲੱਗਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਮਾਰਨ ਦੀ ਸਹੁੰ ਚੁੱਕੀ ਸੀ।