Connect with us

Punjab

ਭਗਤ ਪੂਰਨ ਸਿੰਘ ਦੇ ਰਾਹ ਤੇ ਚੱਲ ਬਾਬਾ ਸੂਬਾ ਸਿੰਘ ਨੇ ਕੀਤੀ ਮਿਸਾਲ ਕਾਇਮ

20 ਸਾਲ ਤੋਂ ਬਾਬਾ ਸੂਬਾ ਸਿੰਘ ਸਾਂਭ ਰਹੇ ਨੇ ਅਪਾਜ਼ ਬੱਚਿਆਂ ਨੂੰ

Published

on

ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖਾਦੀਆਂ ਨੇ ਪੈਸੇ 
20 ਸਾਲ ਤੋਂ ਬਾਬਾ ਸੂਬਾ ਸਿੰਘ ਸਾਂਭ ਰਹੇ ਨੇ ਅਪਾਜ਼ ਬੱਚਿਆਂ ਨੂੰ 
ਭਗਤ-ਪੂਰਨ ਸਿੰਘ ਦੇ ਰਾਹ ਤੇ ਤੁਰ ਰਹੇ ਨੇ 
ਬਰੇਲ ਲਿੱਪੀ ਰਾਹੀਂ ਕਰਵਾਈ ਜਾਂਦੀ ਹੈ ਪੜਾਈ 

 ਬਰਨਾਲਾ,10 ਸਤੰਬਰ :(ਸੁਖਚਰਨਪ੍ਰੀਤ) ਪੰਜਾਬ ਵਿੱਚ ਇਸ ਵੇਲੇ ਸਮਾਜ ਸੇਵੀ ਸੰਸਥਾਵਾਂ ’ਤੇ ਦਾਨ ਦੀ ਰਾਸ਼ੀ ਦੇ ਗਬਨ ਦਾ ਰੌਲਾ ਸੋਸ਼ਲ ਮੀਡੀਏ ’ਤੇ ਕਾਫ਼ੀ ਛਾਇਆ ਹੋਇਆ ਹੈ। ਪਰ ਜ਼ਰੂਰੀ ਨਹੀਂ ਹੈ ਕਿ ਹਰ ਸੰਸਥਾ ਜਾਂ ਵਿਅਕਤੀ ਦਾਨ ਦੇ ਪੈਸੇ ਦੀ ਦੁਰਵਰਤੋਂ ਹੀ ਕਰੇ। ਕਈ ਸੰਸਥਾਵਾਂ ਇਸ ਦਾਨ ਨੂੰ ਸੁਚੱਜੇ ਕੰਮਾਂ ’ਤੇ ਵੀ ਵਰਤੋਂ ਕਰਦੀਆਂ ਹਨ। ਅਜਿਹੀ ਸੰਸਥਾ ਹੈ ਬਰਨਾਲਾ ਦੇ ਪਿੰਡ ਨਰਾਇਣਗੜ ਸੋਹੀਆਂ ਦਾ ਨੇਤਰਹੀਣ ਆਸ਼ਰਮ। ਇਸ ਆਸ਼ਰਮ ਨੂੰ ਇੱਕ ਪੈਸੇ ਭਰ ਦੀ ਵੀ ਕਮਾਈ ਨਹੀਂ ਹੈ। ਦਾਨੀ ਸੱਜਣਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਦਾਨ ਨਾਲ ਚੱਲ ਰਹੇ ਇਸ ਆਸ਼ਰਮ ਵਿੱਚ ਨੇਤਰਹੀਣ, ਦਿਮਾਗੀ ਤੌਰ ’ਤੇ ਸਾਧਾਰਨ, ਅਪਾਹਿਜ਼ ਅਤੇ ਅਨਾਥ ਬੱਚਿਆਂ ਦਾ ਭਵਿੱਖ ਰੌਸ਼ਨ ਕੀਤਾ ਜਾ ਰਿਹਾ ਹੈ। ਇਸ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਵੀ ਖ਼ੁਦ ਨੇਤਰਹੀਣ ਹਨ। 
ਕਰੀਬ 20 ਸਾਲ ਪਹਿਲਾਂ ਇੱਕ ਉਜਾੜ ਜਗਾ ’ਤੇ ਬਾਬਾ ਸੂਬਾ ਸਿੰਘ ਨੇ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿੱੱਚ ਅੱਜ 50 ਦੇ ਕਰੀਬ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਰਿਹਾ ਹੈ। ਆਸ਼ਰਮ ’ਚ ਪਲਣ ਵਾਲੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਇਲਾਵਾ ਗੁਰਬਾਣੀ ਗਿਆਨ, ਕੀਰਤਨ ਵਿੱਦਿਆ ਤੋਂ ਇਲਾਵਾ ਸਕੂਲੀ ਵਿੱਦਿਆ ਨਾਲ ਵੀ ਜੋੜਿਆ ਜਾ ਰਿਹਾ ਹੈ। ਨੇਤਰਹੀਣ ਬੱਚਿਆਂ ਨੂੰ ਬਰੇਲ ਲਿੱਪੀ ਰਾਹੀਂ ਪੜਾਈ ਕਰਵਾਈ ਜਾਂਦੀ ਹੈ। ਆਸ਼ਰਮ ਵਿੱਚ ਹਰ ਧਰਮ ਦੇ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਆਸ਼ਰਮ ਦੀ ਉਪਰਲੀ ਮੰਜ਼ਿਲ  ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਜਿੱਥੇ ਇਹਨਾਂ ਬੱਚਿਆਂ ਨੂੰ ਰੋਜ਼ਾਨਾ ਗੁਰਬਾਣੀ ਦਾ ਨਿਤਨੇਮ ਕਰਵਾਇਆ ਜਾਂਦਾ ਹੈ। ਇਸ ਆਸ਼ਰਮ ਨੂੰ ਗੁਰਦੁਆਰਾ ਚੰਦੂਆਣਾ ਸਾਹਿਬ ਵੀ ਕਿਹਾ ਜਾ ਰਿਹਾ ਹੈ। ਅਸਲ ਮਾਇਨੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਦੇ ਸਿਧਾਂਤ ਦਾ ਅਸਲ ਗੁਰੂ ਘਰ ਇਹ ਆਸ਼ਰਮ ਹੀ ਹੈ। ਕਿਉਂਕਿ ਇਸ ਆਸ਼ਰਮ ਵਿੱਚ ਬੇਸਹਾਰਿਆਂ ਨੂੰ ਸਹਾਰਾ ਦੇ ਕੇ ਉਸਨੂੰ ਰੋਜ਼ੀ ਰੋਟੀ ਕਮਾਉਣ ਦੇ ਲਾਇਕ ਬਣਾਇਆ ਜਾ ਰਿਹਾ ਹੈ। ਆਸ਼ਰਮ ਨਾਲ ਜੁੜੇ ਲੋਕ ਆਪਣੇ ਖੁਸ਼ੀ ਦੇ ਪਲ ਇਸ ਆਸ਼ਰਮ ਦੇ ਬੱਚਿਆਂ ਨਾਲ ਸਾਂਝੇ ਕਰਨ ਆਉਂਦੇ ਰਹਿੰਦੇ ਹਨ। ਇਸ ਆਸ਼ਰਮ ਤੋਂ 40 ਦੇ ਕਰੀਬ ਬੱਚੇ ਗੁਰਬਾਣੀ ਅਤੇ ਸਕੂਲੀ ਵਿੱਦਿਆ ਦਾ ਗਿਆਨ ਹਾਂਸਿਲ ਕਰਕੇ ਅੱਗੇ ਨੌਕਰੀਆਂ ਵੀ ਕਰ ਰਹੇ ਹਨ। ਇਸ ਆਸ਼ਰਮ ਦੀ ਸੰਭਾਲ ਲਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਮੈਂਬਰ ਬਣਾ ਕੇ ਇੱਕ ਟਰੱਸਟ ਬਣਾਇਆ ਗਿਆ ਹੈ। 
ਇਸ ਮੌਕੇ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇ ਦੱਸਿਆ ਕਿ ਸੰਨ 2000 ਵਿੱਚ ਉਹਨਾਂ ਨੇ ਇਸ ਅਸਥਾਨ ਦੀ ਸੇਵਾ ਸੰਭਾਲੀ ਸੀ। ਜਿਸਤੋਂ ਬਾਅਦ ਇੱਥੇ ਨੇਤਰਹੀਣ ਅਤੇ ਅਨਾਥ ਬੱਚਿਆਂ ਲਈ ਆਸਰਮ ਸ਼ੁੁਰੂ ਕੀਤਾ ਗਿਆ। ਇਸ ਵੇਲੇ ਇਸ ਆਸਰਮ ਵਿੱਚ ਨੇਤਰਹੀਣ, ਮਾਨਸਿਕ ਤੌਰ ’ਤੇ ਸਾਧਾਰਨ ਅਤੇ ਅਨਾਥ ਬੱਚਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਨੇਤਰਹੀਣ ਬੱਚਿਆਂ ਦੀ ਪੜਾਈ ਕਰਵਾਉਣ ਲਈ ਵਿਸ਼ੇਸ਼ ਅਧਿਆਪਕ ਰੱਖੇ ਗਏ ਹਨ। ਉਹਨਾਂ ਦੱਸਿਆ ਕਿ ਖ਼ੁਦ ਵੀ ਇਹਨਾਂ ਬੱਚਿਆਂ ਨੂੰ ਗੁਰਬਾਣੀ ਅਤੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਾਰੇ ਕਾਰਜ ਲਈ ਸੰਗਤਾਂ ਵਲੋਂ ਸਹਿਯੋਗ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਆਸ਼ਰਮ ਵਿੱਚੋਂ 35 ਦੇ ਕਰੀਬ ਬੱਚੇ ਕੀਰਤਨ ਅਤੇ ਗੁਰਬਾਣੀ ਵਿੱਦਿਆ ਲੈ ਕੇ ਅੱਗੇ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਦੀ ਚੰਗੀ ਸੰਭਾਲ ਲਈ ਸੰਗਤਾਂ ਵੱਧ ਤੋਂ ਵੱਧ ਅੱਗੇ ਆਉਣ, ਕਿਉਂਕਿ ਇਹਨਾਂ ਬੱਚਿਆਂ ਨੂੰ ਪੜਾਉਣ ਵਾਲੇ ਬੱਚਿਆਂ ਦੀਆਂ ਤਨਖਾਹਾਂ ਕਾਫ਼ੀ ਜ਼ਿਆਦਾ ਹਨ। 
ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਬਲਜੀਤ ਸਿੰਘ ਨੇ ਦੱਸਿਆ ਕਿ ਬਾਬਾ ਸੂਬਾ ਸਿੰਘ ਵੱਲੋਂ ਇਸ ਆਸ਼ਰਮ ਦੀ 20 ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਘਰ ਬਣਾਇਆ ਗਿਆ ਸੀ। ਜਿਸਤੋਂ ਬਾਅਦ ਇਸ ਜਗਾ ਨੇਤਰਹੀਣ ਬੱਚਿਆਂ ਨੂੰ ਲਿਆ ਕੇ ਉਹਨਾਂ ਨੂੰ ਗੁਰਬਾਣੀ ਅਤੇ ਕੀਰਤਨ ਦੀ ਵਿੱਦਿਆ ਦੇਣੀ ਸ਼ੁਰੂ ਕੀਤੀ। ਇਸਤੋਂ ਬਾਅਦ ਅਨਾਥ ਬੱਚਿਆਂ ਨੂੰ ਵੀ ਲਿਆ ਕੇ ਸੰਭਾਲ ਕਰਨੀ ਸ਼ੁਰੂ ਕੀਤੀ। ਇਹਨਾਂ ਬੱਚਿਆਂ ਨੂੰ ਸਕੂਲੀ ਵਿੱਦਿਆ ਵੀ ਦਿੱਤੀ ਜਾ ਰਹੀ ਹੈ। ਸਕੂਲ ਦੇ ਕੁੱਝ ਬੱਚੇ ਪਿੰਡ ਦੀਵਾਨਾ ਅਤੇ ਨਰਾਣਿਗੜ ਸੋਹੀਆਂ ਦੇ ਸਕੂਲ ਵਿੱਚ ਪੜ ਰਹੇ ਹਨ। ਜਦੋਂਕਿ ਨੇਤਰਹੀਣ ਬੱਚਿਆਂ ਨੂੰ ਆਸ਼ਰਮ ਵਿੱਚ ਹੀ ਵਿਸ਼ੇਸ਼ ਅਧਿਆਪਕ ਰੱਖ ਕੇ ਪੜਾਇਆ ਜਾ ਰਿਹਾ ਹੈ। ਆਸ਼ਰਮ ਦੀ ਗੱਡੀ ਰਾਹੀਂ ਬੱਚਿਆਂ ਨੂੰ ਸਕੂਲ ਲਿਜਾਇਆ ਅਤੇ ਛੱਡਿਆ ਜਾਂਦਾ ਹੈ। ਨੇਤਰਹੀਣ ਬੱਚਿਆਂ ਲਈ ਬਰੇਲ ਲਿੱਪੀ ਰਾਹੀਂ ਪੜਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਬੱਚਿਆਂ ਲਈ ਏਸੀ ਕਮਰੇ, ਗਰਮ ਪਾਣੀ ਲਈ ਗੀਜ਼ਰ, ਖੇਡਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਦਿਨੀਂ ਕੋਰੋਨਾ ਲੌਕਡਾਊਨ ਦੌਰਾਨ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਇੱਕ ਆਸ਼ਰਮ ਦਾ ਬੱਚਾ ਕੀਰਤਨ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਂਸਿਲ ਕੀਤਾ ਹੈ। ਉਹਨਾਂ ਕਿਹਾ ਕਿ ਆਸ਼ਰਮ ’ਚ ਆਉਣ ਵਾਲੇ ਕਿਸੇ ਵੀ ਬੱਚੇ ਲਈ ਧਰਮ ਨਹੀਂ ਦੇਖਿਆ ਜਾਂਦਾ। ਹਰ ਧਰਮ ਦੇ ਬੱਚੇ ਨੂੰ ਇੱਥੇ ਇੱਕੋ ਜਿਹੀ ਸੁਵਿਧਾ ਦਿੱਤੀ ਜਾਂਦੀ ਹੈ। 
ਇਸ ਮੌਕੇ ਆਸ਼ਰਮ ਦੇ ਬੱਚਿਆਂ ਨਾਲ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਪਹੁੰਚੇ ਨੌਜਵਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਅਕਸਰ ਹੀ ਇਸ ਆਸ਼ਰਮ ਵਿੱਚ ਆਉਂਦੇ ਰਹਿੰਦੇ ਹਨ। ਅੱਜ ਜਨਮ ਦਿਨ ਦੀ ਖੁਸ਼ੀ ਇਹਨਾਂ ਬੱਚਿਆਂ ਨਾਲ ਸਾਂਝੀ ਕਰਕੇ ਉਸਨੂੰ ਕਾਫ਼ੀ ਸਕੂਨ ਮਿਲਿਆ ਹੈ। ਕਿਉਂਕਿ ਇਹਨਾਂ ਬੱਚਿਆਂ ਦਾ ਆਪਣਾ ਕੋਈ ਨਹੀਂ ਹੈ। ਜਿਸ ਕਰਕੇ ਉਹ ਆਪਣੀ ਹਰ ਖੁਸ਼ੀ ਸਾਂਝੀ ਕਰਨ ਇੱਥੇ ਆਉਂਦੇ ਹਨ।