Connect with us

Governance

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰਵਾਉਣ ਲਈ ਆਖਿਆ

Published

on



ਚੰਡੀਗੜ੍ਹ/05 ਮਈ:(ਬਲਜੀਤ ਮਰਵਾਹਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਪਰਵਾਸੀ ਮਜ਼ਦੂਰਾਂ ਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਵਾਪਸੀ ਕਰਕੇ ਪੈਦਾ ਹੋਈ ਮਜ਼ਦੂਰਾਂ ਦੀ ਕਮੀ ਨੂੰ ਧਿਆਨ ਵਿਚ ਰੱਖਦਿਆਂ ਉਹ ਝੋਨੇ ਦੀ ਬਿਜਾਈ 15 ਜੂਨ ਤਕ ਨਾ ਕਰਨ ਸੰਬੰਧੀ ਲਾਈ ਪਾਬੰਦੀ ਹਟਾ ਦੇਣ ਅਤੇ ਸੂਬੇ ਅੰਦਰ 1 ਜੂਨ ਤੋਂ ਝੋਨਾ ਲਾਉਣ ਦੇ ਹੁਕਮ ਜਾਰੀ ਕਰ ਦੇਣ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਹੈ ਕਿ ਉਹ ਸੂਬੇ ਅੰਦਰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਦੀ ਗਿਣਤੀ ਵਧਾਉਣ ਲਈ ਕਦਮ ਚੁੱਕਣ ਤਾਂ ਕਿ ਮਜ਼ਦੂਰਾਂ ਦੀ ਕਮੀ ਨੂੰ ਕੁੱਝ ਹੱਦ ਤਕ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਝੋਨਾ ਟਰਾਂਸਪਲਾਂਟਰਜ਼ ਖਰੀਦਣ ਦੇ ਚਾਹਵਾਨ ਕਿਸਾਨਾਂ ਨੂੰ 75ਫੀਸਦੀ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ।
ਬਾਦਲ ਨੇ ਉਹਨਾਂ ਕਿਸਾਨਾਂ ਨੂੰ ਸਿੱਧੀ ਨਗਦ ਸਹਾਇਤਾ ਦੇਣ ਦੀ ਵੀ ਮੰਗ ਕੀਤੀ, ਜਿਹੜੇ ਮਜ਼ਦੂਰਾਂ ਦੀ ਕਮੀ ਕਰਕੇ ਝੋਨਾ ਲਾਉਣ ਦੀ ਸਥਿਤੀ ਵਿਚ ਨਹੀਂ ਹਨ। ਉਹਨਾਂ ਕਿਹਾ ਕਿ ਸਿੱਧੀ ਨਗਦ ਸਹਾਇਤਾ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰੇਗੀ ਅਤੇ ਉਹ ਮੱਕੀ ਆਦਿ ਫਸਲਾਂ ਬੀਜਣਗੇ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ।
ਹੋਰ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੱਖਾਂ ਮਜ਼ਦੂਰ ਵਾਪਸ ਆਪਣੇ ਸੂਬਿਆਂ ਵੱਲ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਝੋਨੇ ਦੀ ਬਿਜਾਈ ਵਾਸਤੇ ਮਜ਼ਦੂਰਾਂ ਦੀ ਭਾਰੀ ਕਮੀ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਝੋਨੇ ਦਾ ਸੀਜ਼ਨ ਅਗੇਤਾ ਕਰਦੇ ਹੋਏ 1 ਜੂਨ ਤੋਂ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਸ ਸਮੇਂ ਤਕ ਸੂਬੇ ਅੰਦਰ ਮੌਜੂਦ ਮਜ਼ਦੂਰਾਂ ਕੋਲੋਂ ਝੋਨੇ ਦੀ ਬਿਜਾਈ ਕਰਵਾਈ ਜਾ ਸਕੇ।
ਅਕਾਲੀ ਦਲ ਪ੍ਰਧਾਨ ਨੇ ਸਰਕਾਰ ਨੂੰ ਝੋਨੇ ਦੀ ਵੰਨਗੀ ਪੂਸਾ 44 ਦੀ ਬਿਜਾਈ ਦੀ ਆਗਿਆ ਦੇਣ ਲਈ ਵੀ ਆਖਿਆ, ਜਿਸ ਨੂੰ ਇਸ ਕਾਰਣ ਬੀਜਣ ਤੋਂ ਰੋਕਿਆ ਜਾ ਰਿਹਾ ਹੈ, ਕਿਉਂਕਿ ਦੂਜੀਆਂ ਵੰਨਗੀਆਂ ਦੇ ਮੁਕਾਬਲੇ ਇਸ ਵੰਨਗੀ ਦੀ ਫਸਲ ਪੱਕਣ ਵਿਚ 20 ਤੋਂ 22 ਦਿਨ ਵੱਧ ਲੈਂਦੀ ਹੈ , ਜਿਸ ਕਰਕੇ ਇਸ ਅੰਦਰ ਨਮੀ ਦੀ ਮਾਤਰਾ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਬਿਜਾਈ ਨੂੰ ਅਗੇਤੀ ਕਰ ਦਿੰਦੀ ਹੈ ਤਾਂ ਪੂਸਾ 44 ਦੀ ਅਸਾਨੀ ਨਾਲ ਸਮੇਂ ਸਿਰ ਕਟਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਪੂਸਾ-44 ਦਾ ਝਾੜ ਪ੍ਰਤੀ ਏਕੜ 20 ਤੋਂ 22 ਕੁਇੰਟਲ ਵੱਧ ਹੁੰਦਾ ਹੈ, ਇਸ ਨਾਲ ਮੌਜੂਦਾ ਕਣਕ ਦੀ ਵਾਢੀ ਅਤੇ ਝੋਨੇ ਦੀ ਬਿਜਾਈ ਵੇਲੇ ਮਹਿੰਗੀ ਮਜ਼ਦੂਰੀ ਕਰਕੇ ਕਿਸਾਨਾਂ ਦੇ ਵਧੇ ਖਰਚਿਆਂ ਦੀ ਕੁੱਝ ਹੱਦ ਤਕ ਭਰਪਾਈ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਪੂਸਾ 44 ਦਾ ਬੀਜ ਖਰੀਦੀ ਬੈਠੇ ਹਨ।
ਬਾਦਲ ਨੇ ਮੁੱਖ ਮੰਤਰੀ ਨੂੰ ਪਟਿਆਲਾ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਅਪੀਲ ਕੀਤੀ, ਬੇਮੌਸਮੇ ਮੀਂਹ ਕਰਕੇ ਜਿਹਨਾਂ ਦੀਆਂ ਫਸਲਾਂ ਦਾ ਝਾੜ ਘਟ ਗਿਆ ਹੈ ਅਤੇ ਸੁੱਕੇ ਦਾਣੇ ਕਰਕੇ ਪੂਰੀ ਕੀਮਤ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਨੂੰ ਸੂਬੇ ਕੋਲ ਪਏ 6 ਹਜ਼ਾਰ ਕਰੋੜ ਰੁਪਏ ਦੇ ਕੁਦਰਤੀ ਆਫ਼ਤ ਰਾਹਤ ਫੰਡ ਵਿਚੋਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ।
ਬਾਦਲ ਨੇ ਸੂਬਾ ਸਰਕਾਰ ਕੋਲ ਉਹਨਾਂ ਸ਼ਬਜ਼ੀ ਦੇ ਕਾਸ਼ਤਕਾਰਾਂ ਨੂੰ ਵੀ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ, ਜਿਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਹਨਾਂ ਨੇ ਦੁੱਧ ਦਾ ਖਰੀਦ ਮੁੱਲ ਵਧਾਉਣ ਲਈ ਵੀ ਆਖਿਆ, ਜਿਸ ਤਰ੍ਹਾਂ ਕਿ ਹਰਿਆਣਾ ਸਰਕਾਰ ਵੱਲੋਂ ਲਾਗਤ ਵਧਣ ਸਦਕਾ ਡੇਅਰੀ ਮਾਲਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *