Punjab
ਜੇਲ ਵਿਭਾਗ ਵਿੱਚ ਤਰਸ ਦੇ ਅਧਾਰ ਤੇ 24 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਚੰਡੀਗੜ੍ਹ੍:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ ‘ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੇਲ੍ਹ ਵਿਭਾਗ ਨੇ ਤਰਸ ਦੇ ਆਧਾਰ ‘ਤੇ 24 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ।
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਲ੍ਹ ਸਾਡੇ ਸਮਾਜ ਦਾ ਅਹਿਮ ਭਾਗ ਹੈ ਜੋ ਕਿ ਰਾਹ ਤੋਂ ਭਟਕ ਗਏ ਲੋਕਾਂ ਨੂੰ ਮੁੜ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਨਵਨਿਯੁਕਤ ਮੁਲਾਜ਼ਮਾ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾ ਲੈਣ।
ਬੈਂਸ ਨੇ ਕਿਹਾ ਕਿ ਅਸੀ ਜੇਲ੍ਹਾਂ ਵਿਚ ਸੁਧਾਰ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀ ਇਕ ਟੀਮ ਵਜੋਂ ਕੰਮ ਕਰੀਏ ਅਤੇ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੀਏ ਕਿ ਕੀਤੇ ਜਾਣ ਵਾਲੇ ਕੰਮ ਨਾਲ ਵਿਭਾਗ ਦੇ ਅਕਸ ਨੂੰ ਢਾਹ ਤਾਂ ਨਹੀ ਲੱਗੇਗੀ ਅਤੇ ਹਮੇਸ਼ਾਂ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਲੋਕ ਪੱਖੀ ਕੰਮ ਕਰਨਾ ਹੈ।
ਇਸ ਮੌਕੇ ਉਨ੍ਹਾਂ 07 ਵਾਰਡਰ , 08 ਕਲਰਕ ਅਤੇ 09 ਸੇਵਾਦਾਰਾਂ ਨੂੰ ਸੇਵਾ ਦੇ ਨਿਯੁਕਤੀ ਪੱਤਰ ਦਿੱਤੇ।
ਇਸ ਮੌਕੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸਪੈਸ਼ਲ ਡੀ.ਜੀ ਹਰਪ੍ਰੀਤ ਸਿੰਘ ਸਿੱਧੂ ਅਤੇ ਆਈ.ਜੀ.ਜੇਲ੍ਹ ਰੂਪ ਕੁਮਾਰ ਅਰੋੜਾ ਵੀ ਹਾਜ਼ਰ ਸਨ।