International
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫ਼ਾ! ਕੀ ਹੁਣ ਪਾਕਿਸਤਾਨ ਵਾਂਗ ਚੱਲੇਗਾ ਫ਼ੌਜ ਦਾ ਸਿੱਕਾ ?
ਜਿੱਥੇ ਇਕ ਪਾਸੇ ਬੰਗਲਾਦੇਸ਼ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ, ਉੱਥੇ ਹੀ ਹੁਣ ਇੱਥੇ ਤਖ਼ਤਾ ਪਲਟਣ ਵਾਲੇ ਹਾਲਾਤ ਵੀ ਬਣ ਚੁੱਕੇ ਹਨ। ਹੁਣ ਸੂਤਰਾਂ ਮੁਤਾਬਕ ਖ਼ਬਰ ਸਾਹਮਣੇ ਆਈ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਢਾਕਾ ਛੱਡੇ ਜਾਣ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਸ਼ੇਖ ਹਸੀਨਾ ਦੇਸ਼ ਛੱਡ ਜਾ ਕੇ ਕਿੱਥੇ ਜਾ ਰਹੇ ਹਨ, ਇਸ ਬਾਰੇ ਵੱਖ-ਵੱਖ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਬੰਗਲਾਦੇਸ਼ ਅੰਦਰੂਨੀ ਸਥਿਤੀ ਨੂੰ ਕੰਟਰੋਲ ਕਰਨ ਲਈ ਫ਼ੌਜ ਵੱਲੋਂ ਮੋਰਚਾ ਸੰਭਾਲਿਆ ਹੋਇਆ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਮੀਡੀਆ ਮੁਤਾਬਕ ਦੇਸ਼ ਦੇ ਫ਼ੌਜ ਮੁਖੀ ਇਸ ਸਮੇਂ ਦੇਸ਼ ਦੀ ਸਥਿਤੀ ‘ਤੇ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ‘ਚ ਲੱਗੇ ਹੋਏ ਹਨ। ਫਿਲਹਾਲ ਬੰਗਲਾਦੇਸ਼ ਦੇ ਫੌਜ ਮੁਖੀ ਦਾ ਟੈਲੀਵਿਜ਼ਨ ਸੰਬੋਧਨ ਇਕ ਵਾਰ ਫਿਰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਰਮੀ ਚੀਫ਼ ਆਪਣੇ ਸੰਬੋਧਨ ‘ਚ ਸੱਤਾ ਪਰਿਵਰਤਨ ਦਾ ਐਲਾਨ ਕਰਨਗੇ।
ਬੰਗਲਾਦੇਸ਼ ਵਿੱਚ ਰਾਖਵੇਂਕਰਨ ਨੂੰ ਲੈ ਕੇ ਚੱਲ ਰਹੇ ਅੰਦੋਲਨ ਕਾਰਨ ਪੂਰੇ ਦੇਸ਼ ਵਿੱਚ ਇਸ ਵੇਲੇ ਹਾਲਾਤ ਕਾਫੀ ਤਣਾਅਪੂਰਨ ਹਨ। ਥਾਂ-ਥਾਂ ‘ਤੇ ਭੰਨ-ਤੋੜ ਦੇ ਨਾਲ ਨਾਲ ਝੜਪਾਂ ਵੀ ਹੋਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰੇ ਹੋਏ ਹਨ। ਵਿਦਿਆਰਥੀ ਆਗੂਆਂ ਵੱਲੋਂ ਦਿੱਤੇ ‘ਲੌਂਗ ਮਾਰਚ ਟੂ ਢਾਕਾ’ ਦੇ ਸੱਦੇ ‘ਤੇ ਹਜ਼ਾਰਾਂ ਲੋਕ ਢਾਕਾ ਦੇ ਉਪਨਗਰੀ ਇਲਾਕਿਆਂ ਵੱਲ ਮਾਰਚ ਕਰ ਰਹੇ ਹਨ। ਸੂਤਰਾਂ ਮੁਤਾਬਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਰਾਜਧਾਨੀ ਢਾਕਾ ਤੋਂ ਰਵਾਨਾ ਹੋ ਗਏ ਹਨ। ਢਾਕਾ ਵਿਚ ਹਿੰਸਕ ਝੜਪਾਂ ਦਰਮਿਆਨ ਉਸ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ ਗਿਆ ਹੈ। ਸੇਖ਼ ਹਸੀਨਾ ਦੇ ਭੈਣ ਵੀ ਢਾਕਾ ਛੱਡ ਗਏ ਹਨ।
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਤੋਂ ਬੰਗਲਾਦੇਸ਼ ਵਿੱਚ ਵਿਦਿਆਰਥੀ ਅੰਦੋਲਨ ਕਰ ਰਹੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਖ਼ਤਮ ਕੀਤਾ ਜਾਵੇ। ਸ਼ੇਖ ਹਸੀਨਾ ਸਾਲ 2009 ਤੋਂ ਬੰਗਲਾਦੇਸ਼ ਦੀ ਅਗਵਾਈ ਕਰ ਰਹੇ ਹਨ।ਪਿਛਲੇ ਦਿਨਾਂ ਤੋਂ ਬੰਗਲਾਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਕਰੀਬ 300 ਜਣਿਆਂ ਦੀ ਮੌਤ ਹੋ ਚੁੱਕੀ ਹੈ।ਇਸੇ ਮੁਜ਼ਾਹਰੇ ਦੌਰਾਨ ਬੀਤੇ ਕੱਲ ਯਾਨੀ ਕਿ ਐਤਵਾਰ ਨੂੰ ਹਿੰਸਾ ‘ਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ। ਐਤਵਾਰ ਸ਼ਾਮ ਤੱਕ ਸਰਕਾਰ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਕਈ ਥਾਵਾਂ ‘ਤੇ ਝੜਪਾਂ ਹੋਈਆਂ।
ਇਹ ਵੀ ਦੱਸ ਦੇਈਏ ਕਿ ਪਹਿਲਾਂ ਇਹ ਪ੍ਰਦਰਸ਼ਨ ਰਾਖਵੇਂਕਰਨ ਨੂੰ ਲੈ ਕੇ ਸਨ, ਪਰ ਹੁਣ ਇਹ ਸਰਕਾਰ ਵਿਰੋਧੀ ਅੰਦੋਲਨ ਦਾ ਰੂਪ ਲੈ ਚੁੱਕੇ ਹਨ। ਵਿਦਿਆਰਥੀ ਆਗੂਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਿਵਲ ਨਾਫ਼ਰਮਾਨੀ ਅੰਦੋਲਨ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਨੇ ਸਾਰੀਆਂ ਫੈਕਟਰੀਆਂ ਅਤੇ ਪਬਲਿਕ ਟਰਾਂਸਪੋਰਟ ਬੰਦ ਕਰਨ ਦਾ ਵੀ ਸੱਦਾ ਦਿੱਤਾ ਹੈ। ਇਸ ਸਭ ਦੇ ਦਰਮਿਆਨ ਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਵੀ ਠੱਪ ਕੀਤੀਆਂ ਗਈਆਂ ਹਨ। ਹਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ।