News
ਵਿਰਾਟ ਤੋਂ ਪਹਿਲਾਂ, ਚੌਥੇ ਨੰਬਰ ‘ਤੇ ‘ਜ਼ਾਰਵੋ ‘ਨੇ ਮਾਰੀ ਐਂਟਰੀ

ਭਾਰਤ ਅਤੇ ਇੰਗਲੈਂਡ ਵਿਚਾਲੇ ਲੀਡਜ਼ ਵਿੱਚ ਖੇਡਿਆ ਜਾ ਰਿਹਾ ਤੀਜਾ ਟੈਸਟ ਮੈਚ ਹੁਣ ਰੋਮਾਚਕ ਹੁੰਦਾ ਦਿਖ ਰਿਹਾ ਹੈ। ਪਹਿਲੀ ਪਾਰੀ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਦੂਜੀ ਪਾਰੀ ਵਿਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਹਾਲਾੰਕਿ, ਇਸ ਟੈਸਟ ਦੇ ਤੀਜੇ ਦਿਨ ਇੱਕ ਹਾਸੋਹੀਣੀ ਘਟਨਾ ਵੀ ਦੇਖਣ ਨੂੰ ਮਿਲੀ। ਜਿਵੇਂ ਹੀ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦਾ ਵਿਕਟ ਗਵਾਇਆ, ਇੱਕ ਇੰਗਲਿਸ਼ ਪ੍ਰਸ਼ੰਸਕ ਵਿਰਾਟ ਕੋਹਲੀ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਇਆ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪ੍ਰਸ਼ੰਸਕ ਕੋਈ ਹੋਰ ਨਹੀਂ ਬਲਕਿ ਜਾਰਵੋ 69 ਸੀ ਜਿਸਨੂੰ ਲਾਰਡਸ ਟੈਸਟ ਦੇ ਦੌਰਾਨ ਮੈਦਾਨ ਵਿੱਚ ਦਾਖਲ ਹੁੰਦੇ ਵੀ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਲਾਰਡਜ਼ ਸਟੇਡੀਅਮ ਤੋਂ ਹੀ ਬੈਨ ਕਰ ਦਿੱਤਾ ਗਿਆ। ਹੁਣ ਇੱਕ ਵਾਰ ਫਿਰ ਉਹ ਸੁਰਖੀਆਂ ਵਿੱਚ ਹੈ ਕਿਉਂਕਿ ਇਸ ਵਾਰ ਉਹ ਖਾਲੀ ਹੱਥ ਨਹੀਂ ਬਲਕਿ ਬੈਟਿੰਗ ਗੇਅਰ ਪਾ ਕੇ ਮੈਦਾਨ ਉੱਤੇ ਆਇਆ ਸੀ। ਜਿਉਂ ਹੀ ਸੁਰੱਖਿਆ ਕਰਮਚਾਰੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਜਾਰਵੋ ਨੂੰ ਚੁੱਕਣਾ ਪਿਆ ਅਤੇ ਜ਼ਬਰਦਸਤੀ ਉਸ ਨੂੰ ਮੈਦਾਨ ਤੋਂ ਬਾਹਰ ਲੈ ਜਾਣਾ ਪਿਆ। ਇਸ ਘਟਨਾ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਦੂਜੇ ਪਾਸੇ, ਜੇਕਰ ਅਸੀਂ ਤੀਜੇ ਟੈਸਟ ਮੈਚ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਹੈਡਿੰਗਲੇ ਵਿਖੇ ਭਾਰਤੀ ਟੀਮ ਪਹਿਲੀ ਪਾਰੀ ਵਿੱਚ ਖਰਾਬ ਪ੍ਰਦਰਸ਼ਨ ਕਰਨ ਦੇ ਬਾਅਦ ਦੂਜੀ ਪਾਰੀ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਤੀਜ਼ੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ਦੇ ਨੁਕਸਾਨ ਤੇ 215 ਦੌੜ੍ਹਾਂ ਬਣਾ ਲਈਆਂ ਹਨ। ਫਿਲਹਾਲ ਵਿਰਾਟ ਕੋਹਲੀ ਤੇ ਚੇਤੇਸ਼ਵਰ ਪੁਜਾਰਾ ਕ੍ਰੀਜ਼ ਤੇ ਡਟੇ ਹੋਏ ਹਨ। ਹੁਣ ਇਹ ਦੇਖਣਾ ਦਿਲਚਸਪ ਹੋਏਗਾ ਕਿ ਇਸ ਟੈਸਟ ਦੇ ਚੌਥੇ ਦਿਨ ਭਾਰਤੀ ਬੱਲੇਬਾਜ਼ ਕਿਵੇਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਕਿ ਉਹ ਇਸ ਮੈਚ ਨੂੰ ਪੰਜਵੇਂ ਦਿਨ ਤੱਕ ਲੈ ਜਾਣ ਵਿਚ ਸਫਲ ਹੋ ਪਾਂਦੇ ਹਨ।