Connect with us

Punjab

ਬੇਲਾ-ਬਹਿਰਾਮਪੁਰ ਸੜਕ ਨੂੰ 4.80 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਚੌੜਾ ਤੇ ਮਜ਼ਬੂਤ: ਹਰਭਜਨ ਸਿੰਘ ETO

Published

on

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹਾ ਰੂਪਨਗਰ ਅਧੀਨ ਪੈਂਦੀ ਬੇਲਾ-ਬਹਿਰਾਮਪੁਰ ਸੜਕ ਨੂੰ 4.80 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਮਜ਼ਬੂਤ ਕਰੇਗੀ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨਬਾਰਡ-28 ਸਕੀਮ ਅਧੀਨ ਬੇਲਾ-ਬਹਿਰਾਮਪੁਰ ਸੜਕ (ਓ.ਡੀ.ਆਰ-07) ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 8.05 ਕਿਲੋਮੀਟਰ ਹੈ ਅਤੇ ਮੌਜੂਦਾ ਚੌੜਾਈ 18 ਫੁੱਟ/24.5 ਫੁੱਟ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਕਾਰਜ 6 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸੜਕ ਬਲਾਕ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਨੂੰ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ‘ਤੇ ਆਵਾਜਾਈ ਵਧਣ ਕਾਰਨ ਇਸਦੀ ਮੌਜੂਦਾ ਹਾਲਤ ਖਰਾਬ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ 18 ਫੁੱਟ ਵਾਲੇ ਹਿੱਸੇ ਨੂੰ ਹੁਣ 23 ਫੁੱਟ ਚੌੜਾ ਕੀਤਾ ਜਾਵੇਗਾ ਅਤੇ ਪੂਰੀ ਸੜਕ ਉੱਤੇ ਬੀ.ਸੀ. ਪਾਈ ਜਾਵੇਗੀ।

ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਇਸ ਸੜਕ ਉੱਤੇ ਪੈਂਦੇ ਪਿੰਡ ਟੱਪਰੀਆਂ ਅਮਰ ਸਿੰਘ ਦੇ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਨੂੰ ਉੱਚਾ ਚੱਕਿਆ ਜਾਵੇਗਾ ਅਤੇ ਡਰੇਨ ਬਣਾਈ ਜਾਵੇਗੀ ਤਾਂ ਜੋ ਬਾਰਿਸ਼ ਦਾ ਪਾਣੀ ਸੜਕ ਉੱਤੇ ਖੜ੍ਹਾ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।