Corona Virus
ਕੋਰੋਨਾ ਕਾਰਨ ਇੰਗਲੈਂਡ ‘ਚ ਰਹਿੰਦੇ ਭਾਈ ਸਤਨਾਮ ਸਿੰਘ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ

ਕੋਰੋਨਾ ਵਾਇਰਸ ਨੇ ਦੁਨੀਆਂ ਦਾ ਕੋਨਾ ਕੋਨਾ ਹਿਲਾ ਕੇ ਰੱਖ ਦਿੱਤਾ। ਹਰ ਦਿਨ ਮੌਤਾਂ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ, ਚੀਨ, ਕੈਨੇਡਾ, ਇੰਗਲੈਂਡ ਵਰਗੇ ਦੇਸ਼ ਵੀ ਇਸ ਮਹਾਂਮਾਰੀ ਦਾ ਤੋੜ ਨਹੀਂ ਲੱਭ ਸਕੇ। ਇੰਗਲੈਂਡ ਵਿਖੇ ਭਾਈ ਸਤਨਾਮ ਸਿੰਘ ਵੀ ਇਸ ਮਹਾਂਮਾਰੀ ਦਾ ਸ਼ਿਕਾਰ ਹੋਣ ਨਾਲ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਭਾਈ ਸਤਨਾਮ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਨਾਮੀ ਬਾਣੀ ਦੇ ਰਸੀਏ ਤੇ ਪਰਉਪਕਾਰੀ ਸ਼ਖ਼ਸੀਅਤ ਸਨ। ਇੰਗਲੈਂਡ ‘ਚ ਰਹਿੰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਬਾਣੀ ਦੇ ਲੜ ਲਾਉਣ ਦੇ ਅਨੇਕਾਂ ਯਤਨ ਕੀਤੇ। ਭਾਈ ਸਤਨਾਮ ਸਿੰਘ ਨੇ ਦੁਨੀਆ ਦੇ ਕੋਨੇ ਕੋਨੇ ‘ਚ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਾਹਰ ਨਿਕਲਣ ਦੀ ਪ੍ਰੇਰਨਾ ਦਿੱਤੀ, ਤੇ ਬਾਬੇ ਨਾਨਕ ਦੀ ਸਿਖਿਆਵਾਂ ਨੂੰ ਤਰਜ਼ੀਹ ਦਿੱਤੀ।
ਜਦੋਂ ਭਾਈ ਸਾਹਿਬ ਇੰਗਲੈਂਡ ਤੋਂ ਆਪਣੇ ਜੱਦੀ ਪਿੰਡ ਖੋਥੜਾਂ ਆਉਂਦੇ ਤਾਂ ਉਦੋਂ ਵੀ ਉਨ੍ਹਾਂ ਦਾ ਇਕ ਹੀ ਉਦੇਸ਼ ਹੁੰਦਾ ਸੀ ਕਿ ਉਹ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਕਰਮ-ਕਾਂਡਾਂ ਵਿਚੋਂ ਕੱਢ ਕੇ ਬਾਣੀ ਨਾਲ ਜੋੜ ਸਕਣ। ਭਾਈ ਸਤਨਾਮ ਸਿੰਘ ਜੀ ਪੂਰੀ ਤਰ੍ਹਾਂ ਬਾਣੀ ਨੂੰ ਮੰਨਣ ਵਾਲੀ ਅਤੇ ਹਮੇਸ਼ਾ ਹੀ ਬਾਣੀ ਵਿਚ ਦਰਸਾਏ ਗਏ ਰਾਹਾਂ ਉੱਪਰ ਚੱਲਣ ਵਾਲੀ ਸ਼ਖ਼ਸੀਅਤ ਸਨ। ਉਹ ਸਿੱਖ ਜਗਤ ਦੀ ਇਕ ਅਜਿਹੀ ਸ਼ਖ਼ਸੀਅਤ ਸਨ ਜਿਹੜੇ ਪਰਿਵਾਰ ਦੇ ਹੀ ਨਹੀਂ ਸਗੋਂ ਸਾਰਿਆਂ ਦੇ ਆਪਣੇ ਹੀ ਬਣ ਜਾਂਦੇ ਸਨ। ਉਨ੍ਹਾਂ ਦੇ ਸਦੀਵੀ ਵਿਛੋੜਾ ਦੇਣ ਕਾਰਨ ਪਰਿਵਾਰ ਦੇ ਨਾਲ-ਨਾਲ ਪਿੰਡ ਖੋਥੜਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੱਸ ਦਈਏ ਕਿ ਇੰਗਲੈਂਡ ਮਰੀਜਾਂ ਦੀ ਗਿਣਤੀ ਇੱਕ ਲੱਖ 20 ਹਜ਼ਾਰ ਤੋਂ ਵੀ ਟੱਪ ਚੁਕੀ ਹੈ ..ਤੇ ਰੋਜ਼ਾਨਾ 600 ਤੋਂ ਵੱਧ ਮੌਤਾਂ ਹੋ ਰਹੀਆਂ ਹਨ।