Connect with us

Governance

ਭਾਰਤ ਭੂਸ਼ਣ ਆਸ਼ੂ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ,12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਤਬਦੀਲ ਕਰਨ ਦੇ ਹੁਕਮ

Published

on

ਚੰਡੀਗੜ, 3 ਮਾਰਚ: ਪੰਜਾਬ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਪੰਜਾਬ ਰਾਜ ਦੇ ਅਨਾਜ ਨਾਲ ਨੱਕੋ ਨੱਕ ਭਰੇ ਗੁਦਾਮਾਂ ਨੂੰ ਖਾਲੀ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਕੇਂਦਰੀ ਖੁਰਾਕ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਪੰਜਾਬ ਵਿੱਚੋਂ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਵਿੱਚ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ।


ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਉਨਾਂ ਇਸ ਮੁੱਦੇ ਉਤੇ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਗੁਦਾਮਾਂ ਵਿੱਚੋਂ ਕਣਕ ਅਤੇ ਝੋਨੇ ਦੀ ਸੁਸਤ ਰਫਤਾਰ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਬੇਨਤੀ ਕੀਤੀ ਸੀ।
ਉਨਾਂ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੇ ਗੁਦਾਮਾਂ ਵਿੱਚ ਮੌਜੂਦਾ ਸਮੇਂ 200 ਲੱਖ ਮੀਟਰਿਕ ਟਨ ਅਨਾਜ ਪਿਆ ਹੈ, ਜਿਸ ਵਿੱਚ 109 ਲੱਖ ਮੀਟਰਿਕ ਟਨ ਚੌਲ ਅਤੇ 91 ਲੱਖ ਮੀਟਰਿਕ ਟਨ ਕਣਕ ਹੈ, ਜਿਸ ਦੀ ਚੁਕਾਈ ਦੀ ਰਫਤਾਰ ਬਹੁਤ ਸੁਸਤ ਹੈ। ਉਨਾਂ ਦੱਸਿਆ ਕਿ ਸਥਿਤੀ ਇਹ ਬਣ ਗਈ ਹੈ ਕਿ ਹਾੜੀ ਦੀ ਆਗਾਮੀ ਫਸਲ ਕਣਕ ਦੇ ਭੰਡਾਰਨ ਦੀ ਸਮੱਸਿਆ ਤੋਂ ਇਲਾਵਾ ਝੋਨੇ ਦੇ ਭੰਡਾਰਨ ਦੀ ਵੀ ਵੱਡੀ ਸਮੱਸਿਆ ਬਣ ਜਾਵੇਗੀ। ਉਨਾਂ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਅਨੁਸਾਰ ਪੰਜਾਬ ਵਿੱਚ 135 ਲੱਖ ਟਨ ਕਣਕ ਦੀ ਖਰੀਦ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਭੰਡਾਰਨ ਦੀ ਸਮੱਸਿਆ ਹੋਰ ਵਿਕਰਾਲ ਰੂਪ ਧਾਰਨ ਕਰੇਗੀ।


ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਦੀਆਂ ਤੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਆ ਰਿਹਾ ਹੈ ਪਰ ਵੱਡੀ ਤ੍ਰਾਸਦੀ ਹੈ ਕਿ ਇੱਥੋਂ ਪੈਦਾ ਹੁੰਦੇ ਅਨਾਜ ਨੂੰ ਭੰਡਾਰ ਕਰ ਕੇ ਰੱਖਣ ਦੀ ਜ਼ਿੰਮੇਵਾਰੀ ਵੀ ਸੂਬੇ ਦੇ ਸਿਰ ਹੀ ਪਾ ਦਿੱਤੀ ਜਾਂਦੀ ਹੈ। ਸੀਮਤ ਸਾਧਨਾਂ ਕਾਰਨ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਭੰਡਾਰਨ ਸਮਰੱਥਾ ਵਧਾਉਣ ਤੋਂ ਅਸਮਰੱਥ ਹੈ। ਇਸ ਲਈ ਕੇਂਦਰ ਸਰਕਾਰ ਸੂਬੇ ਵਿੱਚ ਭੰਡਾਰਨ ਸਮਰੱਥਾ ਵਧਾਉਣ ਲਈ ਉਪਰਾਲੇ ਕਰੇ। ਉਨਾਂ ਸ੍ਰੀ ਪਾਸਵਾਨ ਨੂੰ ਅਪੀਲ ਕੀਤੀ ਕਿ ਇਸ ਲਈ ਕੇਂਦਰ ਸਰਕਾਰ ਬਾਕਾਇਦਾ ਦੇਸ਼ ਵਿਆਪੀ ਠੋਸ ਰਣਨੀਤੀ ਤਿਆਰ ਕਰੇ, ਜਿਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਪੈਦਾ ਹੁੰਦਾ ਅਨਾਜ ਖ਼ਰਾਬ ਨਾ ਹੋਵੇ।
ਉਨਾਂ ਦੱਸਿਆ ਕਿ ਜਿੱਥੇ ਪੰਜਾਬ ਵਰਗੇ ਰਾਜ ਨੂੰ ਖੁਦ ਅਨਾਜ ਪੈਦਾ ਕਰਕੇ ਤਿੰਨ-ਤਿੰਨ ਸਾਲ ਸੰਭਾਲਣਾ ਪੈਂਦਾ ਹੈ, ਉਥੇ ਹੋਰ ਰਾਜਾਂ ਵਿੱਚ ਮਹਿਜ਼ ਤਿੰਨ ਮਹੀਨੇ ਤੋਂ ਜ਼ਿਆਦਾ ਅਨਾਜ ਭੰਡਾਰ ਨਹੀਂ ਕੀਤਾ ਜਾਂਦਾ। ਜੇ ਕੇਂਦਰ ਸਰਕਾਰ ਪਹਿਲ ਕਰੇ ਤਾਂ ਪੰਜਾਬ ਦੇ ਅਨਾਜ ਨੂੰ ਹੋਰ ਰਾਜਾਂ ਵਿੱਚ ਭੰਡਾਰ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਅਨਾਜ ਦੀ ਚੁਕਾਈ ਲਈ ਵਿਸ਼ੇਸ਼ ਪ੍ਰਵਾਨਗੀ ਰੋਜ਼ਾਨਾ 10-12 ਮਾਲ ਗੱਡੀਆਂ ਦੀ ਹੀ ਮਿਲਦੀ ਹੈ, ਜੋ ਵਧਾ ਕੇ ਘੱਟੋ-ਘੱਟ 20 ਕੀਤੀ ਜਾਣੀ ਚਾਹੀਦੀ ਹੈ।


ਉਨਾਂ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੇ ਸਾਲ ਖਰੀਦੇ ਝੋਨੇ ਦਾ ਚੌਲ ਜੋ ਕੇਂਦਰੀ ਪੂਲ ਵਿੱਚ ਪੰਜਾਬ ਰਾਜ ਵੱਲੋਂ ਭੇਜਿਆ ਜਾਣਾ ਸੀ, ਜਗਾ ਦੀ ਘਾਟ ਕਾਰਨ ਡਿਲੀਵਰ ਨਹੀਂ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਰਾਜ ਕੇਂਦਰੀ ਪੂਲ ਵਿੱਚ ਫਰਵਰੀ 2020 ਤੱਕ ਚੌਲ ਦੇਣ ਦਾ ਟੀਚਾ 66 ਫੀਸਦੀ ਮਿੱਥਿਆ ਗਿਆ ਸੀ, ਜਿਸ ਵਿੱਚੋਂ ਸਿਰਫ 52 ਫੀਸਦੀ ਹੀ ਹਾਸਲ ਕੀਤਾ ਜਾ ਸਕਿਆ ਹੈ।
ਇਸ ਤੋਂ ਇਲਾਵਾ ਮੌਜੂਦਾ ਸਮੇਂ ਪੰਜਾਬ ਰਾਜ ਵਿੱਚ ਬੀਤੇ ਵਰੇ ਖਰੀਦੀ ਗਈ 30 ਲੱਖ ਮੀਟਰਿਕ ਕਣਕ ਖੁੱਲੇ ਵਿੱਚ ਪਈ ਹੈ। ਇਸ ਮੌਕੇ ਸ੍ਰੀ ਆਸ਼ੂ ਨੇ ਪੰਜਾਬ ਸਰਕਾਰ ਦੇ ਕਣਕ ਦੀ ਸਾਂਭ-ਸੰਭਾਲ ਬਦਲੇ ਕੇਂਦਰ ਸਰਕਾਰ ਵੱਲ ਬਕਾਇਆ ਖੜੇ 750 ਕਰੋੜ ਰੁਪਏ ਦੀ ਰਾਸ਼ੀ ਵੀ ਜਲਦ ਜਾਰੀ ਕਰਨ ਦੀ ਬੇਨਤੀ ਕੀਤੀ।

Continue Reading
Click to comment

Leave a Reply

Your email address will not be published. Required fields are marked *