Punjab
ਪੰਜਾਬ ‘ਚ ਵਿਜੀਲੈਂਸ ਦੀ ਵੱਡੀ ਕਾਰਵਾਈ: GMADA ਜ਼ਮੀਨ ਐਕੁਆਇਰ ਘੁਟਾਲੇ ‘ਚ 7 ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿੱਚ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਸੱਤ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ। ਦਰਅਸਲ, ਸਾਲ 2016 ਤੋਂ 2020 ਦੌਰਾਨ ਸੂਬੇ ਦੇ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜ਼ਮੀਨ ਐਕੁਆਇਰ ਕਰਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਐਫਆਈਆਰ 16 ਵਿੱਚ ਆਈਪੀਸੀ ਦੀਆਂ ਧਾਰਾਵਾਂ 409, 420, 465, 466, 468, 471, 120-ਬੀ ਅਤੇ ਧਾਰਾ 13 (1) (ਏ), 13 (2) ਹੈ। ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੇ ਮੁੱਖ ਮੁਲਜ਼ਮਾਂ ਵਿੱਚ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਜ਼ਿਲ੍ਹਾ ਮੁਹਾਲੀ ਸਮੇਤ ਮੁਕੇਸ਼ ਜਿੰਦਲ, ਸ਼ਮਨ ਜਿੰਦਲ ਪਤਨੀ ਮੁਕੇਸ਼ ਜਿੰਦਲ, ਪ੍ਰਵੀਨ ਲਤਾ ਪਤਨੀ ਚੰਚਲ ਕੁਮਾਰ ਜਿੰਦਲ ਦੋਵੇਂ ਵਾਸੀ ਮਾਡਲ ਟਾਊਨ ਬਠਿੰਡਾ, ਵਿਸ਼ਾਲ ਭੰਡਾਰੀ ਵਾਸੀ ਸੈਕਟਰ 40-ਡੀ ਚੰਡੀਗੜ੍ਹ, ਸੁਖਦੇਵ। ਸਿੰਘ ਵਾਸੀ ਬਾਕਰਪੁਰ, ਬਿੰਦਰ ਸਿੰਘ ਵਾਸੀ ਸੈਕਟਰ 79, ਮੁਹਾਲੀ ਅਤੇ ਬਚਿੱਤਰ ਸਿੰਘ ਪਟਵਾਰੀ, ਮਾਲ ਸਰਕਲ ਬਾਕਰਪੁਰ (ਮੌਜੂਦਾ ਕਾਨੂੰਗੋ) ਐਸ.ਏ.ਐਸ.ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਲਦੀ ਹੀ ਹੋਰ ਗ੍ਰਿਫਤਾਰੀਆਂ ਹੋਣਗੀਆਂ
ਇਸ ਮਾਮਲੇ ਵਿੱਚ ਹੋਰਾਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਜਿਸ ਵਿੱਚ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ, ਵਿਸ਼ਾਲ ਭੰਡਾਰੀ ਆਦਿ ਦੇ ਨਾਂ ਸ਼ਾਮਲ ਹਨ। ਜਿਸ ਕਾਰਨ ਕਈ ਹੋਰ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ।
ਇਸ ਤਰ੍ਹਾਂ ਇਹ ਘੁਟਾਲਾ ਸਾਹਮਣੇ ਆਇਆ
ਇੱਕ ਸ਼ਿਕਾਇਤ ਦੀ ਪੜਤਾਲ ਦੌਰਾਨ ਵਿਜੀਲੈਂਸ ਬਿਊਰੋ ਨੂੰ ਪਤਾ ਲੱਗਾ ਹੈ ਕਿ ਗਮਾਡਾ ਨੇ ਸਾਲ 2016 ਵਿੱਚ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਸਨ। ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਤਹਿਤ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ।