Uncategorized
ਸ਼ੁੱਕਰਵਾਰ ਕੈਨੇਡਾ ਤੇ ਯੂ.ਐੱਸ. ਦੀ ਸਰਹੱਦ ਖੋਲ੍ਹਣ ਨੂੰ ਲੈ ਕੇ ਹੋਵੇਗੀ ਵੱਡੀ ਘੋਸ਼ਣਾ

ਪਿਛਲੇ ਸਾਲ ਤੋਂ ਗੈਰ-ਜ਼ਰੂਰੀ ਯਾਤਰਾ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਲਾਗੂ ਪਾਬੰਦੀਆਂ ਵਿਚ ਸ਼ੁੱਕਰਵਾਰ ਨੂੰ ਵੱਡੀ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਕੋਵਿਡ-19 ਦੀ ਪੂਰੀ ਖੁਰਾਕ ਲੁਆ ਚੁੱਕੇ ਲੋਕਾਂ ਨੂੰ ਦੋਵੇਂ ਪਾਸੇ ਯਾਤਰਾ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਦਾ ਇਹ ਪਹਿਲਾ ਕਦਮ ਹੋ ਸਕਦਾ ਹੈ। ਮਹਾਂਮਾਰੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਲਾਗੂ ਮੌਜੂਦਾ ਸਰਹੱਦੀ ਪਾਬੰਦੀਆਂ ਦੀ ਹੱਦ 21 ਜੂਨ ਨੂੰ ਖ਼ਤਮ ਹੋਣ ਵਾਲੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਨਵੀਨੀਕਰਨ ਦੀ ਤਾਰੀਖ਼ ਤੋਂ 10 ਦਿਨ ਪਹਿਲਾਂ ਹੀ ਬੰਦਸ਼ਾਂ ਵਿਚ ਢਿੱਲ ਮਿਲ ਸਕਦੀ ਹੈ। ਮੌਜੂਦਾ ਸਮੇਂ 8 ਫ਼ੀਸਦੀ ਕੈਨੇਡੀਅਨ ਪੂਰੀ ਤਰ੍ਹਾਂ ਟੀਕੇ ਲੁਆ ਚੁੱਕੇ ਹਨ। ਉੱਥੇ ਹੀ, ਅਮਰੀਕਾ ਵਿਚ 42 ਫ਼ੀਸਦੀ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ ਪਰ ਇਕ ਖੁਰਾਕ ਦੇ ਮਾਮਲੇ ਵਿਚ ਇਸ ਸਮੇਂ ਕੈਨੇਡਾ, ਅਮਰੀਕਾਂ ਤੋਂ ਅੱਗੇ ਨਜ਼ਰ ਆ ਰਿਹਾ ਹੈ। ਹਾਲਾਂਕਿ, ਰਿਆਇਤਾਂ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਅਮਰੀਕੀ ਸੈਲਾਨੀ ਬੇਰੋਕ-ਟੋਕ ਕੈਨੇਡਾ ਵਿਚ ਘੁੰਮਦੇ ਨਜ਼ਰ ਆਉਣ। ਇਸ ਲਈ ਬਕਾਇਦਾ ਕੁਝ ਨਿਯਮ ਹੋ ਸਕਦੇ ਹਨ। ਕਿਉਂਕਿ ਮਹਾਮਾਰੀ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਫ਼ਤੇ ਪੁਸ਼ਟੀ ਕੀਤੀ ਸੀ ਕਿ ਕੈਨੇਡਾ ਪੂਰੀ ਤਰਾਂ ਟੀਕੇ ਲੁਆ ਚੁੱਕੇ ਯਾਤਰੀਆਂ ਲਈ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਲਈ ਕਦਮ ਚੁੱਕਣਾ ਸ਼ੁਰੂ ਕਰ ਦੇਵੇਗਾ। ਹਾਲਾਂਕਿ, ਉਨ੍ਹਾਂ ਨੇ ਇਸ ਦੀ ਕੋਈ ਸਮਾਂ ਸੀਮਾ ਨਹੀਂ ਦੱਸੀ ਸੀ। ਮੌਜੂਦਾ ਸਮੇਂ ਦੋਹਾਂ ਦੇਸ਼ਾਂ ਦੀ ਸਰਹੱਦ ਬੰਦ ਹੈ ਪਰ ਜ਼ਰੂਰੀ ਚੀਜ਼ਾਂ ਦੇ ਢੋਆ-ਢੁਆਈ ਤੋਂ ਇਲਾਵਾ ਕੈਨੇਡੀਅਨ ਨਾਗਰਿਕਾਂ ਜਾਂ ਪੱਕੇ ਨਾਗਿਰਕਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਹੈ।