News
ਮੁੱਕੇਬਾਜ਼ ਸਤੀਸ਼ ਕੁਮਾਰ ਨੇ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਕੀਤਾ ਪ੍ਰਵੇਸ਼

ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਨੇ 91 ਕਿੱਲੋ ਵਰਗ ਦੇ ਆਖਰੀ -16ਵੇਂ ਮੈਚ ਵਿੱਚ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ ਹਰਾ ਦਿੱਤਾ। ਉਸਨੇ ਇਹ ਮੈਚ 4 -1 ਨਾਲ ਜਿੱਤ ਲਿਆ। ਸਤੀਸ਼ ਨੇ ਪਹਿਲਾ ਗੇੜ 5 -0, ਦੂਜਾ ਅਤੇ ਤੀਜਾ 4 -1 ਨਾਲ ਜਿੱਤਿਆ। ਇਸ ਜਿੱਤ ਨਾਲ ਸਤੀਸ਼ ਕੁਮਾਰ ਟੋਕਿਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਉਹ ਤਮਗਾ ਜਿੱਤਣ ਤੋਂ ਇੱਕ ਕਦਮ ਦੂਰ ਹੈ। ਸਤੀਸ਼ ਕੁਮਾਰ ਆਖਰੀ ਅੱਠ ‘ਚ ਪਹੁੰਚਣ ਵਾਲਾ ਤੀਜਾ ਭਾਰਤੀ ਮੁੱਕੇਬਾਜ਼ ਹੈ। ਸਤੀਸ਼ ਤੋਂ ਪਹਿਲਾਂ ਐਮਸੀ ਮੈਰੀਕਾਮ ਅਤੇ ਪੂਜਾ ਰਾਣੀ ਆਖ਼ਰੀ ਅੱਠ ਵਿੱਚ ਪਹੁੰਚ ਗਈ ਹੈ। ਦੋ ਵਾਰ ਦਾ ਏਸ਼ੀਅਨ ਚੈਂਪੀਅਨਸ਼ਿਪ ਕਾਂਸੀ ਦਾ ਤਗਮਾ ਜੇਤੂ ਸਤੀਸ਼ ਨੂੰ ਬਰਾਊਨ ਦੇ ਖਰਾਬ ਫੁੱਟਵਰਕ ਦਾ ਫਾਇਦਾ ਮਿਲਿਆ। ਹਾਲਾਂਕਿ, ਮੈਚ ਵਿੱਚ ਉਸ ਦੇ ਮੱਥੇ ‘ਤੇ ਇੱਕ ਖਰੋਚ ਵੀ ਲੱਗ ਗਈ ਸੀ। ਹੁਣ ਸਤੀਸ਼ ਦਾ ਸਾਹਮਣਾ ਉਜ਼ਬੇਕਿਸਤਾਨ ਦੇ ਬਖੋਦਿਰ ਜਲਲੋਵ ਨਾਲ ਹੋਵੇਗਾ, ਜੋ ਮੌਜੂਦਾ ਵਿਸ਼ਵ ਅਤੇ ਏਸ਼ੀਅਨ ਚੈਂਪੀਅਨ ਹੈ। ਜਲਲੋਵ ਨੇ ਅਜ਼ਰਬਾਈਜਾਨ ਦੇ ਮੁਹੰਮਦ ਅਬਦੁੱਲਯੇਵ ਨੂੰ 5-0 ਨਾਲ ਹਰਾਇਆ।
ਰਾਸ਼ਟਰਮੰਡਲ ਖੇਡਾਂ 2018 ਦੇ ਚਾਂਦੀ ਤਮਗਾ ਜੇਤੂ ਸਤੀਸ਼ ਨੇ ਬਰਾਊਨ ਨੂੰ ਸੱਜੇ ਹੱਥ ਨਾਲ ਲਗਾਤਾਰ ਮੁੱਕਾ ਮਾਰਦੇ ਹੋਏ ਗਲਤੀਆਂ ਕਰਨ ਲਈ ਮਜਬੂਰ ਕਰ ਦਿੱਤਾ। ਬਰਾਊਨ ਉਸਨੂੰ ਇੱਕ ਵੀ ਮਜ਼ਬੂਤ ਮੁੱਕਾ ਨਹੀਂ ਮਾਰ ਸਕਿਆ। ਬਰਾਊਨ 1996 ਤੋਂ ਲੈ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਜਮੈਕਨ ਮੁੱਕੇਬਾਜ਼ ਹੈ, ਉਦਘਾਟਨੀ ਸਮਾਰੋਹ ਵਿੱਚ ਉਹ ਆਪਣੇ ਦੇਸ਼ ਦਾ ਝੰਡਾਧਾਰਕ ਸੀ। ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦਾ ਵਸਨੀਕ ਸਤੀਸ਼ ਕੁਮਾਰ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈ ਰਿਹਾ ਹੈ। ਸਤੀਸ਼ ਕੁਮਾਰ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲਾ ਭਾਰਤ ਦਾ ਸਭ ਤੋਂ ਭਾਰਾ ਮੁੱਕੇਬਾਜ਼ ਹੈ। ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸੇਵਾ ਨਿਭਾ ਰਹੇ ਸਤੀਸ਼ ਕੁਮਾਰ ਨੇ ਏਸ਼ੀਅਨ ਖੇਡਾਂ 2014, ਏਸ਼ੀਅਨ ਚੈਂਪੀਅਨਸ਼ਿਪ 2015 ਅਤੇ 2019 ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ।