Connect with us

Punjab

ਇਸ ਨਹਿਰ ‘ਚ ਪਿਆ ਡੂੰਘਾ ਪਾੜ, ਡੁੱਬੀਆਂ ਫ਼ਸਲਾਂ ਤੇ ਸਹਿਮੇ ਲੋਕ

Published

on

ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਦੇ ਰੌਲੇ ਵਿੱਚ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਇਕ ਨਹਿਰ ਵਿੱਚ ਡੂੰਘਾ ਪਾੜ ਪੈ ਗਿਆ ਹੈ। ਇਸ ਨਾਲ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਅਤੇ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਲੂਥਰ ਨੇੜੇ ਲੰਘਦੀ ਬੀਕਾਨੇਰ ਨਹਿਰ ਵਿੱਚ 20 ਫੁੱਟ ਡੂੰਘਾ ਪਾੜ ਪਿਆ ਹੈ। ਇਸ ਕਾਰਨ ਨੇੜਲੇ ਪਿੰਡਾਂ ਵਿੱਚ ਪਾਣੀ ਪਹੁੰਚ ਗਿਆ ਹੈ ਅਤੇ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਝੋਨਾ ਅਤੇ ਪਨੀਰੀ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ।

ਫਿਰੋਜ਼ਪੁਰ ਦੇ ਪਿੰਡ ਲੂਥਰ ‘ਚੋਂ ਨਿਕਲਦੀ ਰਾਜਸਥਾਨ ਬੀਕਾਨੇਰ ਨਹਿਰ ‘ਚ ਪਾੜ ਪਿਆ ਹੈ। ਖੇਤਾਂ ‘ਚ 2-2 ਫੁੱਟ ਦੇ ਕਰੀਬ ਪਾਣੀ ਖੜ੍ਹਾ ਹੋ ਗਿਆ ਹੈ। ਬੀਤੇ ਦਿਨੀਂ ਇਸ ਨਹਿਰ ‘ਚ ਪਾਣੀ ਛੱਡਿਆ ਗਿਆ ਸੀ ਤਾਂ ਕਿ ਇਸ ਦਾ ਲਾਭ ਕਿਸਾਨਾਂ ਨੂੰ ਮਿਲ ਸਕੇ ਅਤੇ ਕਿਸਾਨ ਝੋਨਾ ਲਗਾ ਸਕਣ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਪਿੰਡ ਲੂਥਰ ਦੇ ਕੋਲ ਨਹਿਰ ‘ਚ ਪਾਣੀ ਦਾ ਦਬਾਅ ਨਾ ਝੱਲਦੇ ਹੋਏ ਇਹ ਪਾੜ ਪਿਆ ਹੈ।

ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਲ ਨਾਲ ਲੇਬਰ ਲੱਭ ਕੇ ਉਨ੍ਹਾਂ ਨੇ ਝੋਨਾ ਲਗਾਇਆ ਸੀ ਪਰ ਨਹਿਰ ਦਾ ਬੰਨ੍ਹ ਟੁੱਟਣ ਨਾਲ ਉਨ੍ਹਾਂ ਦਾ ਪੈਸਾ ਅਤੇ ਮਿਹਨਤ ਦੋਵੇਂ ਬਰਬਾਦ ਹੋ ਗਏ ਹਨ। ਕਿਸਾਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੱਲ ਦਾ ਸਹੀ ਤਰੀਕੇ ਨਾਲ ਮੁਆਇਨਾ ਹੀ ਨਹੀਂ ਕੀਤਾ ਕਿ ਕਿੱਥੋਂ ਨਹਿਰ ਦੇ ਕੰਢੇ ਕਮਜ਼ੋਰ ਹਨ ਅਤੇ ਕਿੱਥੇ ਉਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਇੰਨਾ ਹੀ ਨਹੀਂ ਜਲਦਬਾਜ਼ੀ ‘ਚ ਮੁੱਖ ਮੰਤਰੀ ਵੱਲੋਂ ਲਏ ਗਏ ਫ਼ੈਸਲੇ ਨੂੰ ਲਾਗੂ ਕਰਦਿਆਂ ਅਧਿਕਾਰੀਆਂ ਨੇ ਇਕਦਮ ਨਹਿਰਾਂ ‘ਚ ਪਾਣੀ ਛੱਡ ਦਿੱਤਾ ਅਤੇ ਪਾਣੀ ਦਾ ਦਬਾਅ ਵੱਧਣ ਕਾਰਨ ਇਸ ਨਹਿਰ ‘ਚ ਕਰੀਬ ਪਾੜ ਪੈ ਗਿਆ।

ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਣ ਕਾਰਨ ਪਾਣੀ ਪਿੰਡ ਦੇ ਆਸ-ਪਾਸ ਘਰਾਂ ਦੇ ਅੰਦਰ ਵੀ ਜਾਣਾ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਸਮੇਂ ਸਿਰ ਇਸ ਨੂੰ ਰੋਕਿਆ ਨਾ ਗਿਆ ਤਾਂ ਪਾਣੀ ਪਿੰਡਾਂ ਦੇ ਅੰਦਰ ਵੀ ਦਾਖ਼ਲ ਹੋ ਜਾਏਗਾ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਨੂੰ ਪਾਣੀ ਸਪਲਾਈ ਕਰਨ ਵਾਲੀ ਬੀਕਾਨੇਰ ਨਹਿਰ, ਜੋ ਕਿ ਫ਼ਿਰੋਜ਼ਪੁਰ ਤੋਂ ਨਿਕਲਦੀ ਹੈ, ਤੇ ਅੱਜ ਪਿੰਡ ਲੂਥਰ ਦੇ ਕੋਲ ਸਵੇਰੇ ਪਾਣੀ ਦਾ ਪ੍ਰੈਸ਼ਰ ਵੱਧਣ ਕਾਰਨ ਟੁੱਟ ਗਈ, ਫਿਲਹਾਲ ਸਿੰਚਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹਿਰੀ ਵਿਭਾਗ ਅਤੇ ਅਧਿਕਾਰੀ ਜਾਂ ਕਰਮਚਾਰੀ ਨਹਿਰ ‘ਤੇ ਇਸ ਪਾੜ ਨੂੰ ਪੂਰਨ ਲਈ ਅਜੇ ਤੱਕ ਨਹੀਂ ਪਹੁੰਚੇ।