Punjab
BSF ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨੂੰ ਕੀਤਾ ਕਾਬੂ

ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ.ਓ.ਪੀ. ਬਚਿਤਰਾ ਚੌਕੀ ਦੇ ਇਲਾਕੇ ‘ਚ ਇੱਕ ਪਾਕਿਸਤਾਨੀ ਨਾਗਰਿਕ ਕੰਡਿਆਲੀ ਤਾਰ ਪਾਰ ਕਰਕੇ ਭਾਰਤ ‘ਚ ਦਾਖਲ ਹੋਇਆ। ਬੀ ਐੱਸ ਐੱਫ. ਤੋਂ ਸੂਚਨਾ ਮਿਲਦੇ ਹੀ ਪੁਲਿਸ ਨੇ ਇਸ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰ ਕੇ ਹਿਰਾਸਤ ‘ਚ ਲੈ ਲਿਆ।
ਫੜੇ ਗਏ ਪਾਕਿਸਤਾਨੀ ਵਿਅਕਤੀ ਦੀ ਪਛਾਣ ਇਸ਼ਫਾਕ ਅਹਿਮਦ ਉਰਫ ਸ਼ਾਹਿਦ ਖਾਨ ਮਲੰਗ (32) ਪੁੱਤਰ ਮੁਹੰਮਦ ਰਫੀਕ ਵਾਸੀ ਤਹਿਸੀਲ ਦਿਪਾਲਪੁਰ, ਜ਼ਿਲ੍ਹਾ ਓਕਾੜਾ, ਪਾਕਿਸਤਾਨ ਵਜੋਂ ਹੋਈ ਹੈ। ਉਸ ਕੋਲੋਂ ਪਾਕਿਸਤਾਨੀ ਕਰੰਸੀ ‘ਚ 410 ਰੁਪਏ, ਮਠਿਆਈ ਦੇ 2 ਟੁਕੜੇ, ਕੇਕ ਦੇ 2 ਟੁਕੜੇ, ਬਿਸਕੁਟਾਂ ਦਾ ਇੱਕ ਪੈਕੇਟ, ਇੱਕ ਮਾਚਿਸ ਦਾ ਡੱਬਾ, ਇੱਕ ਸਿਗਰਟ ਅਤੇ ਕੁਝ ਦਵਾਈਆਂ ਬਰਾਮਦ ਹੋਈਆਂ ਹਨ।
ਇਸ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਫੜ ਲਿਆ ਤੇ ਪਾਕਿਸਤਾਨ ਵਾਲੇ ਪਾਸੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਬੈਠਕ ਹੋਈ। ਇਸ ਤੋਂ ਬਾਅਦ ਉਕਤ ਵਿਅਕਤੀ ਨੂੰ ਵਾਪਸ ਭੇਜ ਦਿੱਤਾ ਗਿਆ।
ਬੀ ਐੱਸ ਐੱਫ. ਡੀ.ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ ਜਾਪਦਾ ਸੀ ਅਤੇ ਉਹ ਅਣਜਾਣੇ ‘ਚ ਆਈ.ਬੀ. ਪਾਰ ਕਰ ਗਿਆ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨੀ ਰੇਂਜਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਉਸ ਨੂੰ ਪਾਕਿਸਤਾਨ ਹਵਾਲੇ ਕਰ ਦਿੱਤਾ ਗਿਆ ਹੈ।
(Report – Sunil Kataria, Senior Journalist, World Punjabi TV)