Punjab
BSF ਨੇ ਦੀਨਾਨਗਰ ‘ਚ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਕਾਬੂ

17 ਫਰਵਰੀ 2024: ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਓਪੀ ਠਾਕੁਰਪੁਰ ਤੋਂ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਰ ਕਰਕੇ ਭਾਰਤ ‘ਚ ਦਾਖਲ ਹੁੰਦੇ ਸਮੇਂ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਆ ਨੂੰ ਕਾਬੂ ਕੀਤਾ ਹੈ।
ਘੁਸਪੈਠੀਏ ਦੀ ਪਛਾਣ ਮੁਹੰਮਦ ਅਬਦੁੱਲਾ ਪੁੱਤਰ ਮੁਹੰਮਦ ਅਸਲਮ ਵਾਸੀ ਡਧਵਾਲ ਪੋਸਟ ਆਫਿਸ, ਕੋਟ ਨੈਣਾ, ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ, ਪਾਕਿਸਤਾਨ ਵਜੋਂ ਹੋਈ ਹੈ। ਮੁਲਜ਼ਮ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਰਿਹਾ ਸੀ। ਦੁਪਹਿਰ ਬਾਅਦ ਉਸ ਨੂੰ ਭਾਰਤ ‘ਚ ਦਾਖਲ ਹੁੰਦੇ ਹੀ ਬੀਓਪੀ ਠਾਕੁਰਪੁਰ ‘ਤੇ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਜਵਾਨ ਨੇ ਗ੍ਰਿਫਤਾਰ ਕਰ ਲਿਆ। ਫੜੇ ਗਏ ਘੁਸਪੈਠੀਏ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਅਤੇ ਪਛਾਣ ਪੱਤਰ ਬਰਾਮਦ ਹੋਇਆ ਹੈ। ਬੀਐਸਐਫ ਨੇ ਪੁੱਛਗਿੱਛ ਤੋਂ ਬਾਅਦ ਸ਼ੱਕੀ ਨੂੰ ਦੋਰਾਂਗਲਾ ਪੁਲੀਸ ਹਵਾਲੇ ਕਰ ਦਿੱਤਾ ਹੈ। ਦੋਰਾਂਗਲਾ ਪੁਲੀਸ ਨੇ ਮੁਹੰਮਦ ਅਬਦੁੱਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।