National
ਅੱਜ ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ, ਭਲਕੇ ਪੇਸ਼ ਕੀਤਾ ਜਾਵੇਗਾ ਕੇਂਦਰੀ ਬਜਟ
ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ, ਜਿਸ ਨਾਲ ਬਜਟ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਬਜਟ ਸੈਸ਼ਨ 31 ਜਨਵਰੀ ਸ਼ੁਰੂ ਹੋਵੇਗਾ ਤੇ ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਬਜਟ ਸੈਸ਼ਨ 31 ਜਨਵਰੀ ਤੋਂ 4 ਅਪਰੈਲ ਤੱਕ ਦੋ ਪੜਾਵਾਂ ’ਚ ਹੋਵੇਗਾ। ਬਜਟ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਸਮਾਪਤ ਹੋਵੇਗਾ ਤੇ ਦੂਜੇ ਪੜਾਅ 10 ਮਾਰਚ ਨੂੰ ਸ਼ੁਰੂ ਹੋਵੇਗਾ।
ਨਿਰਮਲਾ ਸੀਤਾਰਮਨ ਅੱਠਵੀਂ ਵਾਰ ਪੇਸ਼ ਕਰਨਗੇ ਬਜਟ
ਦੱਸਣਯੋਗ ਹੈ ਕਿ ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਲਗਾਤਾਰ ਅੱਠਵੀਂ ਵਾਰ ਪੇਸ਼ ਕਰਨ ਦਾ ਰਿਕਾਰਡ ਬਣਾਉਣਗੇ। ਆਮ ਬਜਟ ’ਚ ਨਿੱਘਰ ਰਹੇ ਆਰਥਿਕ ਵਾਧੇ ਨੂੰ ਸਹਾਰਾ ਦੇਣ ਲਈ ਮਹਿੰਗਾਈ ਤੇ ਉਜਰਤਾਂ ’ਚ ਵਾਧੇ ਨਾਲ ਜੂਝ ਰਹੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਵੱਲੋਂ ਵੱਖ-ਵੱਖ ਸਮੇਂ ’ਚ ਪੇਸ਼ ਕੀਤੇ ਗਏ 10 ਬਜਟਾਂ ਦੇ ਰਿਕਾਰਡ ਦੇ ਨੇੜੇ ਪਹੁੰਚ ਜਾਣਗੇ। ਦੇਸਾਈ ਨੇ 1959-1964 ਦੌਰਾਨ ਵਿੱਤ ਮੰਤਰੀ ਵਜੋਂ ਕੁੱਲ ਛੇ ਬਜਟ ਤੇ 1967-1969 ਦੌਰਾਨ ਚਾਰ ਬਜਟ ਪੇਸ਼ ਕੀਤੇ ਸਨ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੇ ਪ੍ਰਣਬ ਮੁਖਰਜੀ ਨੇ ਕ੍ਰਮਵਾਰ ਨੌਂ ਤੇ ਅੱਠ ਵਾਰ ਬਜਟ ਪੇਸ਼ ਕੀਤਾ ਸੀ।ਨਿਰਮਲਾ ਸੀਤਾਰਮਨ ਨੂੰ 2019 ’ਚ ਪਹਿਲੀ ਵਾਰ ਪੂਰੇ ਸਮੇਂ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਸੀ, ਉਦੋਂ ਤੋਂ ਲੈ ਕੇ ਸੀਤਾਰਮਨ ਨੇ ਸੱਤ ਬਜਟ ਪੇਸ਼ ਕੀਤੇ ਹਨ।