Uncategorized
ਸੁੱਤੇ ਪਏ ਵਿਅਕਤੀ ਦੀ ਬਾਂਹ ‘ਚ ਲੱਗੀ ਗੋਲੀ, ਜਾਂਚ ਜਾਰੀ

ਲੁਧਿਆਣਾ ਦੇ ਬਸਤੀ ਜੋਧੇਵਾਲ ਮਹੁੱਲਾ ਮਨੀ ਸਿੰਘ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਹਲਚਲ ਮਚ ਗਈ ਜਦੋਂ ਤੀਜੀ ਮੰਜ਼ਿਲ ਛੱਤ ਉਤੇ ਸੁੱਤੇ ਇਕ ਵਿਅਕਤੀ ਦੀ ਬਾਂਹ ਉਤੇ ਗੋਲੀ ਲੱਗ ਗਈ। ਇਹ ਗੋਲੀ ਕਿਵੇਂ ਲੱਗੀ ਤੇ ਕਿਸ ਨੇ ਚਲਾਈ, ਇਸ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਜ਼ਰੂਰ ਫੈਲ ਗਈ ਹੈ। ਗੋਲੀ ਲੱਗਣ ਦੀ ਘਟਨਾ ਦੀ ਸੂਚਨਾ ਤੁਰਤ ਲੋਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਗੋਲੀ ਦੇ ਖੋਲ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਗੋਲੀ ਕਿਸ ਨੇ ਚਲਾਈ, ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਲਾਕੇ ਵਿਚ ਲੱਗੇ ਸ਼ੀਸ਼ੀਟੀਵੀ ਦੀ ਫੁਟੇਜ ਨੂੰ ਵੀ ਚੈੱਕ ਕੀਤਾ ਜਾ ਰਿਹਾ। ਜਲਦ ਗੋਲੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਨਾਲ ਹੀ ਉਨ੍ਹਾਂ ਕਿਹਾ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ, ਉਹ ਬਿਲਕੁਲ ਠੀਕ ਹੈ। ਪੀੜਤ ਦੀ ਬਾਂਹ ਉਤੇ ਹਲਕਾ ਜ਼ਖ਼ਮ ਜ਼ਰੂਰ ਹੋਇਆ ਹੈ ਜਿਸ ਦਾ ਇਲਾਜ ਕਰਵਾਇਆ ਜਾ ਰਿਹਾ। ਉਥੇ ਹੀ ਮਕਾਨ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਲਗਭਗ 11:30 ਵਜੇ ਪੀੜਤ ਤੀਜੀ ਮੰਜ਼ਿਲ ਦੀ ਛੱਤ ਉਤੇ ਜਾ ਕੇ ਸੁੱਤਾ ਹੀ ਸੀ ਕਿ 5-10 ਮਿੰਟਾਂ ਬਾਅਦ ਥੱਲੇ ਆ ਕੇ ਉਹਨਾਂ ਨੂੰ ਦੱਸਣ ਲੱਗਾ ਕਿ ਉਸ ਦੀ ਬਾਂਹ ਉਤੇ ਕੁਝ ਲੜ ਗਿਆ ਹੈ।ਖਾਰਸ਼ ਕਰਨ ਉਤੇ ਪੀੜਤ ਦੇ ਹੱਥ ਵਿਚ ਗੋਲੀ ਦਾ ਖੋਲ ਆ ਗਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਕੁਝ ਲੜਿਆ ਨਹੀਂ ਬਲਕਿ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਜਾਰੀ ਹੈ।