National
ਬੂਟਾ ਸਿੰਘ ਲਾਲ ਕਿਲ੍ਹਾਂ ਹਿੰਸਾ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ
ਦਿੱਲੀ ਦੀ ਇਕ ਅਦਾਲਤ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਚ ਹਿੰਸਾ ਅਤੇ ਭੰਨਤੋੜ ’ਚ ਸ਼ਾਮਲ ਬੂਟਾ ਸਿੰਘ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਵਧੀਕ ਸੈਸ਼ਨ ਜੱਜ ਕਾਮਿਨੀ ਲਾਉ ਨੇ ਇਸਤਗਾਸਾ ਪੱਖ ਅਤੇ ਮੁਲਜ਼ਮ ਵਕੀਲ ਦੋਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਬੂਟਾ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ। 5 ਮਹੀਨੇ ਤੋਂ ਵੱਧ ਸਮੇਂ ਤੱਕ ਫਰਾਰ ਰਹਿਣ ਮਗਰੋਂ 26 ਸਾਲਾ ਬੂਟਾ ਸਿੰਘ ’ਤੇ 50,000 ਰੁਪਏ ਦਾ ਇਨਾਮ ਰੱਖਿਆ ਗਿਆ ਤੇ 30 ਜੂਨ ਨੂੰ ਉਸ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਮੁਤਾਬਕ ਬੂਟਾ ਸਿੰਘ ਉਸ ਭੀੜ ਦਾ ਹਿੱਸਾ ਸੀ, ਜਿਸ ਨੇ ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ਵਿਚ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਅਤੇ ਜਨਤਰ ਸੰਪਤੀ ਨੂੰ ਲੁੱਟਿਆ ਅਤੇ ਭੰਨਤੋੜ ਕੀਤੀ। ਪੁਲਿਸ ਨੇ ਪੁੱਛ-ਗਿੱਛ ਕਰਨ ਲਈ ਅਦਾਲਤ ਤੋਂ ਉਸ ਦੀ 5 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਇਸ ਮਾਮਲੇ ’ਤੇ ਵਿਚਾਰ ਕਰ ਰਹੀ ਹੈ। ਵਕੀਲ ਜਸਪ੍ਰੀਤ ਰਾਏ, ਰਵਿੰਦਰ ਕੌਰ, ਵੀ. ਪੀ. ਐੱਸ. ਸੰਧੂ, ਜਸਦੀਪ ਐੱਸ. ਢਿੱਲੋਂ, ਕਪਿਲ ਮਦਾਨ, ਨਿਤਿਨ ਕੁਮਾਰ ਅਤੇ ਗੁਰਮੁਖ ਸਿੰਘ ਨੇ ਮਾਮਲੇ ਵਿਚ ਮੁਲਜ਼ਮ ਦੀ ਪੈਰਵੀ ਕੀਤੀ।ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀ ਟਰੈਕਟਰ ਪਰੇਡ ਦੌਰਾਨ ਪੁਲਸ ਨਾਲ ਝੜਪ ਹੋ ਗਈ ਸੀ ਅਤੇ ਉਹ ਲਾਲ ਕਿਲ੍ਹੇ ’ਚ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ’ਤੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ।