Connect with us

Punjab

ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਭਗਵੰਤ ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖਤਮ ਕੀਤੇ: ਮੀਤ ਹੇਅਰ

Published

on

ਚੰਡੀਗੜ੍ਹ/ਨਵਾਂਸ਼ਹਿਰ:

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਵਾਂਸ਼ਹਿਰ ਵਿਖੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦੇ ਦਿਨ ਖਤਮ ਕਰ ਦਿੱਤੇ ਹਨ।

ਅੱਜ ਨਵਾਂਸ਼ਹਿਰ ਜ਼ਿਲੇ ਦੇ ਖੋਜਾ ਪਿੰਡ ਵਿਖੇ ਜਨਤਕ ਰੇਤ ਖੱਡ ਦਾ ਜਾਇਜ਼ਾ ਲੈਣ ਪੁੱਜੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖਾਣਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਕੇ ਦਰਸਾ ਦਿੱਤਾ ਹੈ ਕਿ ਸਰਕਾਰ ਲਈ ਪ੍ਰਸ਼ਾਸਨ ’ਚ ਪਾਰਦਰਸ਼ਤਾ ਤੇ ਜਨਤਕ ਹਿੱਤਾਂ ਨਾਲ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਰੇਤ ਦੇ ਮਾਲੀਏ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤ ਹਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖਾਣਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ’ਚ ਹੋਈ ਅਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖਾਣਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖਾਣਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਖਣਨ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁੱਛੇ ਗਏ ਸੁਆਲ ਕਿ ਇਨ੍ਹਾਂ ਜਨਤਕ ਰੇਤ ਖਾਣਾਂ ਚਲਾਉਣ ਲਈ ਲੋੜੀਂਦੀਆਂ ਅਥਾਰਟੀਆਂ ਪਾਸੋਂ ‘ਕਲੀਅਰੈਂਸ’ ਲਈਆਂ ਗਈਆਂ ਹਨ, ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਵਿਸ਼ੇਸ਼ ਹਦਾਇਤ ਕੀਤੀ ਗਈ ਸੀ, ਜਿਸ ਤਹਿਤ ਮਾਣਯੋਗ ਉੱਚ ਅਦਾਲਤ ਅਤੇ ਸਟੇਟ ਇੰਨਵਾਰਿਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਸੀਆ) ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਹੀ ਇਹ ਖਾਣਾਂ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।

ਖੋਜਾ ਵਿਖੇ ਰੇਤ ਲੈਣ ਆਏ ਲੋਕਾਂ ਅਤੇ ਰੇਤ ਦੀ ਭਰਾਈ ਕਰਨ ਵਾਲੀ ਲੇਬਰ ਨਾਲ ਦਰਿਆ ਦੇ ਪਾਣੀ ’ਚੋਂ ਨੰਗੇ ਪੈਰੀਂ ਲੰਘ ਕੇ ਗੱਲਬਾਤ ਕਰਨ ਪੁੱਜੇ ਖਣਨ ਮੰਤਰੀ ਮੀਤ ਹੇਅਰ ਨੇ ਜਿੱਥੇ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਬਾਰੇ ਪੁੱਛਿਆ ਉੱਥੇ ਉਨ੍ਹਾਂ ਦਾ ਫ਼ੀਡ ਬੈਕ ਵੀ ਲਿਆ। ਰੇਤ ਲੈਣ ਆਏ ਲੋਕ ਅਤੇ ਰੇਤ ਭਰਨ ਵਾਲੀ ਲੇਬਰ ਨੇ ਇਸ ਮੌਕੇ ਆਖਿਆ ਕਿ ਪੰਜਾਬ ’ਚ ਲਗਪਗ 15 ਸਾਲ ਬਾਅਦ ਪੁਰਾਣੇ ਸਮੇਂ ਵਾਂਗ ਖੁੱਲ੍ਹੀ ਰੇਤ ਮਿਲਣ ਲੱਗੀ ਹੈ। ਟ੍ਰੈਕਟਰਾਂ-ਟਰਾਲੀਆਂ ਨਾਲ ਢੁਆਈ ਕਰਨ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਰੇਤ ਦੀ ਭਰਾਈ ਦਾ ਕੰਮ ਪਹਿਲਾਂ ਮਸ਼ੀਨਾਂ ਅਤੇ ਢੋਆਈ ਦਾ ਕੰਮ ਵੱਡੇ ਕਮਰਸ਼ੀਅਲ ਵਾਹਨਾਂ ਤੱਕ ਹੀ ਸੀਮਿਤ ਰਹਿ ਜਾਣ ਕਾਰਨ, ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਖੁਸ ਗਿਆ ਸੀ ਪਰ ਹੁਣ ਅਜਿਹਾ ਨਹੀਂ।

ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਰੇਤ ਖਾਣਾਂ ਸ਼ੁਰੂ ਕਰਨ ਦਾ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਸਾਈਟਾਂ ਦਾ ਜਾਇਜ਼ਾ ਲੈਣ ਦਾ ਮੰਤਵ ਅਗਲੇ ਦਿਨਾਂ ’ਚ ਖੋਲ੍ਹੀਆਂ ਜਾਣ ਵਾਲੀਆਂ ਹੋਰ ਜਨਤਕ ਖਾਣਾਂ ਦੇ ਕੰਮ ’ਚ ਤੇਜ਼ੀ ਲਿਆਉਣਾ ਹੈ। ਪਹਿਲ ਉਨ੍ਹਾਂ ਥਾਂਵਾਂ ਨੂੰ ਦਿੱਤੀ ਜਾ ਰਹੀ ਹੈ, ਜਿੱਥੇ ਜਨਤਕ ਖਾਣ ਨੂੰ ਮੇਨ ਰਸਤੇ ਨੇੜੇ ਲੱਗਦੇ ਹੋਣ, ਖੱਡ ਤੱਕ ਜਾਣ ਵਾਲਾ ਰਸਤਾ ਲੱਗਪਗ ਸਰਕਾਰੀ ਹੋਵੇ, ਪ੍ਰਾਈਵੇਟ ਰਸਤੇ ਦੀ ਵਰਤੋਂ ਹੋਣ ’ਤੇ ਕੋਈ ਵਸੂਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਹੋਰ ਜਨਤਕ ਰੇਤ ਖਾਣਾਂ ਖੁੱਲ੍ਹਣ ਨਾਲ ਕਿਸੇ ਵੀ ਲੋੜਵੰਦ ਨੂੰ ਸਿਰ ਦੀ ਛੱਤ ਪਾਉਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਸਰਕਾਰ ਦੀ ਕੋਸ਼ਿਸ਼ ਇਹ ਰਹੇਗੀ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਰੇਤ ਖਾਣਾਂ ਨਹੀਂ ਹਨ, ਉਹ ਜ਼ਿਲ੍ਹੇ ਨਾਲ ਦੇ ਜ਼ਿਲ੍ਹੇ ’ਚ ਖੁਲ੍ਹੀਆਂ ਜਨਤਕ ਰੇਤ ਖਾਣਾਂ ਤੋਂ ਆਪਣੀ ਲੋੜ ਮੁਤਾਬਕ ਰੇਤਾ ਲੈ ਸਕਣ।

ਇਸ ਮੌਕੇ ਮੌਜੂਦ ਡਾਇਰੈਕਟਰ ਖਣਨ ਤੇ ਭੂ-ਵਿਗਿਆਨ ਦਵਿੰਦਰ ਪਾਲ ਸਿੰਘ ਖਰਬੰਦਾ ਨੇ ਖਣਨ ਮੰਤਰੀ ਨੂੰ ਦੱਸਿਆ ਕਿ ਜਨਤਕ ਰੇਤ ਖਾਣਾਂ ’ਚ ਪਾਰਦਰਸ਼ਤਾ ਰੱਖਣ ਲਈ ਅਤੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਲਈ ਖਰੀਦਣ ਵਾਲੇ ਦੇ ਮੋਬਾਇਲ ’ਤੇ ‘ਕਿਊ ਆਰ ਕੋਡ’ ਭੇਜਿਆ ਜਾਵੇਗਾ, ਜਿਸ ਵਿੱਚ ਰੇਤ ਖਾਣ ਦਾ ਨਾਮ, ਅਦਾਇਗੀ, ਤਰੀਕ ਅਤੇ ਰੇਤ ਦੀ ਪਰਚੀ ਦੀ ਮਿਆਦ ਨਾਲ ਸਬੰਧਤ ਜਾਣਕਾਰੀ ਸਕੈਨ ਕਰਕੇ ਦੇਖੀ ਜਾ ਸਕੇਗੀ।

ਇਸ ਮੌਕੇ ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਖਣਨ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਜਨਤਕ ਰੇਤ ਖਾਣਾਂ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਸਸਤਾ ਰੇਤਾ ਤਾਂ ਮਿਲਿਆ ਹੀ ਹੈ, ਨਾਲ ਹੀ ਸੈਂਕੜੇ ਘਰਾਂ ਨੂੰ ਭਰਾਈ ਅਤੇ ਟ੍ਰੈਕਟਰ ਢੋਆ-ਢੁਆਈ ਰਾਹੀਂ ਰੋਜ਼ਗਾਰ ਵੀ ਮਿਲਿਆ ਹੈ।

ਇਸ ਮੌਕੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਖਣਨ ਤੇ ਭੂ ਵਿਗਿਆਨ ਵਿਭਾਗ ਦੇ ਨਿਗਰਾਨ ਇੰਜੀਨੀਅਰ (ਹੈਡ ਕੁਆਰਟਰ) ਮਨੋਜ ਬਾਂਸਲ, ਕਾਰਜਕਾਰੀ ਇੰਜੀਨੀਅਰ ਹੈਪੀ ਕੁਮਾਰ, ਐਸ ਡੀ ਓ ਗੁਰਜੀਤ ਸਿੰਘ, ਤਹਿਸੀਲਦਾਰ ਸਰਵੇਸ਼ ਰਾਜਨ, ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ, ਸਰਪੰਚ ਪਰਗਟ ਰਾਮ, ਨੰਬਰਦਾਰ ਭੁਪਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਮੌਜੂਦ ਸਨ।