Punjab
ਭਾਈ ਰਾਜੋਆਣਾ ਬਾਰੇ ਫ਼ੈਸਲਾ ਨਾ ਕਰ ਕੇ ਕੇਂਦਰ ਸੁਪਰੀਮ ਕੋਰਟ ਦੇ ਹੁਕਮਾਂ ਦਾ ਉਲੰਘਣ ਕਰ ਰਿਹੈ : ਕਮਲਦੀਪ ਕੌਰ
10 ਜਨਵਰੀ 2024: ਬਿਲਕਸ ਬਾਨੋ ਮਾਮਲੇ ਦੇ 11 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਮੁੜ ਜੇਲ ਭੇਜੇ ਜਾਣ ਦੇ ਫ਼ੈਸਲੇ ਬਾਰੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਫੇਸਬੁੱਕ ਪੋਸਟ ਪਾ ਕੇ ਕਿਹਾ ਕਿ ਗੁਜਰਾਤ ਅਤੇ ਕੇਂਦਰ ਸਰਕਾਰਾਂ ਦੇ ਮੂੰਹ ਉਪਰ ਇਹ ਕਾਨੂੰਨ ਦੀ ਚਪੇੜ ਹੈ।
ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨਾਲ ਵੀ ਬਹੁਤ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਵਲੋਂ ਕਈ ਵਾਰ ਹੁਕਮ ਦੇਣ ਦੇ ਬਾਵਜੂਦ ਕੇਂਦਰ ਫ਼ੈਸਲਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਉਲੰਘਣ ਵੀ ਹੈ।
ਰਾਜੋਆਣਾ ਦੀ ਭੈਣ ਨੇ ਅੱਗੇ ਲਿਖਿਆ ਕਿ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਤੇ ਹੋਰ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਤਰ ਜਾਰੀ ਕੀਤਾ ਸੀ ਪਰ ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਸਰਕਾਰ ਫਾਂਸੀ ਬਾਰੇ ਕੋਈ ਫ਼ੈਸਲਾ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ 28 ਸਾਲ ਤੋਂ ਜੇਲ ਵਿਚ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਕਾਨੂੰਨਾਂ ਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ।