Uncategorized
ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਪੀ.ਪੀ.ਪੀ ਢੰਗ ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

ਮੌਜੂਦਾ ਵਸੀਲਿਆਂ ਵਿੱਚ ਸੁਧਾਰ ਅਤੇ ਅਸਾਸਿਆਂ ਦੇ ਭਰਪੂਰ ਇਸਤੇਮਾਲ ਕਰਨ ਦੇ ਮਕਸਦ ਦੀ ਪੂਰਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਨਿੱਜੀ-ਜਨਤਕ ਭਾਈਵਾਲੀ (ਪੀ.ਪੀ.ਪੀ.) ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ ਸੂਬੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ।
ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਲੁਧਿਆਣਾ ਅਤੇ ਜਲੰਧਰ ਵਿਚਲੇ ਸਰਕਟ ਹਾਊਸਾਂ ਨੂੰ ਪੀ.ਪੀ.ਪੀ. ਢੰਗ ਰਾਹੀਂ ਵਿਕਸਿਤ ਕਰਨ ਪਿੱਛੋਂ ਚਲਾਉਣ ਦੀ ਯੋਜਨਾ ਹੈ ਤਾਂ ਜੋ ਇਨ੍ਹਾਂ ਨੂੰ ਸਰਕਟ ਹਾਊਸ-ਕਮ-ਹੋਟਲ ਵਜੋਂ ਚਲਾਇਆ ਜਾ ਸਕੇ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਗੁਰਦਾਸਪੁਰ, ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਸਥਿਤ 10 ਸਰਕਟ ਹਾਊਸ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਨਵੀਂ ਦਿੱਲੀ ਅਤੇ ਚੰਡੀਗੜ੍ਹ ਵਿਖੇ ਦੋ ਪੰਜਾਬ ਭਵਨ ਵੀ ਸਥਿਤ ਹਨ।ਇਨ੍ਹਾਂ ਸਰਕਟ ਹਾਊਸਾਂ ਨੂੰ ਸਰਕਾਰੀ ਕੰਮ ਲਈ ਵੱਖੋ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਦੌਰੇ ‘ਤੇ ਜਾਂਦੇ ਸਰਕਾਰੀ ਅਫਸਰਾਂ/ਕਰਮਚਾਰੀਆਂ ਦੇ ਰਹਿਣ ਲਈ ਉਸਾਰਿਆ ਗਿਆ ਸੀ। ਪਰ, ਇਨ੍ਹਾਂ ਸਰਕਟ ਹਾਊਸਾਂ ਦੀ ਸਾਂਭ-ਸੰਭਾਲ ਅਤੇ ਸੁਵਿਧਾਵਾਂ ਵਿੱਚ ਸੁਧਾਰ ਕਰਕੇ ਵਾਰ-ਵਾਰ ਹੁੰਦੇ ਖਰਚੇ ਕਾਰਨ ਸਮਾਂ ਪਾ ਕੇ ਇਹ ਸੂਬਾ ਸਰਕਾਰ ਲਈ ਵਿੱਤੀ ਬੋਝ ਬਣ ਗਏ। ਇਸ ਤੋਂ ਇਲਾਵਾ ਸੇਵਾਵਾਂ ਦੇ ਪੱਧਰ ਵਿੱਚ ਵੀ ਕਾਫੀ ਨਿਘਾਰ ਆਇਆ ਹੈ। ਉੱਚੀਆਂ ਲਾਗਤਾਂ ਅਤੇ ਘੱਟ ਸਮਰੱਥਾ ਕਰਕੇ ਇਨ੍ਹਾਂ ਦੇ ਖਰਚੇ ਕਾਫੀ ਵਧ ਗਏ ਜਦੋਂ ਕਿ ਵਸੂਲੀ ਨਿਗੂਣੀ ਹੀ ਰਹੀ।