Punjab
ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਮੁਹਿੰਮ ਪਹਿਲੀ ਅਗਸਤ ਤੋਂ

ਪਟਿਆਲਾ: ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਪ੍ਰਤੀਨਿਧਤਾ ਐਕਟ 1950 ਵਿੱਚ ਲੋੜੀਂਦੀ ਸੋਧ ਕਰਦੇ ਹੋਏ, ਪਹਿਲੀ ਅਗਸਤ, 2022 ਤੋਂ ਆਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਵੋਟਰ ਰਜਿਸਟ੍ਰੇਸ਼ਨ ਫ਼ਾਰਮ ਵਿੱਚ ਵੀ ਕੁੱਝ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਕਿਸੇ ਵੀ ਵਿਅਕਤੀ ਦੀ ਦੋ ਥਾਂਵਾਂ ‘ਤੇ ਵੋਟ ਨਾ ਬਣਨ ਨੂੰ ਯਕੀਨੀ ਬਣਾਉਣਾ ਅਤੇ ਵੋਟਰ ਸੂਚੀ ਨੂੰ ਸ਼ੁੱਧ ਤੇ ਪਾਰਦਰਸ਼ੀ ਬਣਾਉਣਾ ਹੈ। ਕਮਿਸ਼ਨ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੋਟਰ ਵੱਲੋਂ ਆਧਾਰ ਕਾਰਡ ਦੀ ਜਾਣਕਾਰੀ ਦੇਣਾ ਸਵੈ ਇੱਛੁਕ ਹੈ।
ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਇਸ ਮੁਹਿੰਮ ਦੌਰਾਨ ਬੂਥ ਪੱਧਰ ‘ਤੇ ਨਿਯੁੱਕਤ ਬੀ ਐਲ ਓਜ਼ ਵੱਲੋਂ ਮਤਦਾਤਾ ਸੂਚੀ ਵਿੱਚ ਪਹਿਲਾਂ ਤੋਂ ਹੀ ਦਰਜ ਮਤਦਾਤਾਵਾਂ ਤੋਂ ਉਨ੍ਹਾਂ ਦਾ ਆਧਾਰ ਕਾਰਡ ਦਾ ਡਾਟਾ ਫ਼ਾਰਮ ਨੰ. 6-ਬੀ ਪ੍ਰਾਪਤ ਕਰਨਗੇ ਅਤੇ ਬੀ ਐਲ ਓ ਐਪ (ਗਰੁੜਾ) ਰਾਹੀਂ ਆਨਲਾਈਨ ਕਰਨਗੇ।
ਵੋਟਰ ਖੁਦ ਵੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਵੋਟਰ ਐਪ ‘ਵੋਟਰ ਹੈਲਪ ਲਾਈਨ’ ਜਾਂ ਆਨਲਾਈਨ ‘ਐਨ ਵੀ ਐਸ ਪੀ’ ਪੋਰਟਲ ‘ਤੇ ਆਪਣਾ ਆਧਾਰ ਕਾਰਡ ਲਿੰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਤਦਾਤਾ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ 31 ਮਾਰਚ 2023 ਤੱਕ ਮੁਕੰਮਲ ਕੀਤਾ ਜਾਣਾ ਹੈ, ਇਸ ਲਈ ਹਰ ਵੋਟਰ ਆਪਣੀ ਨਿੱਜੀ ਜ਼ਿੰਮੇਂਵਾਰੀ ਸਮਝਦੇ ਹੋਏ ਜ਼ਿਲ੍ਹਾ ਚੋਣ ਦਫ਼ਤਰ ਨੂੰ ਸਹਿਯੋਗ ਦਿੰਦੇ ਹੋਏ ਆਪਣਾ ਵੋਟ, ਆਧਾਰ ਕਾਰਡ ਨਾਲ ਲਿੰਕ ਕਰਵਾਏ।